ਰਵੇਲ ਸਿੰਘ ਭਿੰਡਰ
ਪਟਿਆਲਾ, 22 ਅਪਰੈਲ
ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ’ਚ ਕੋਵਿਡ-19 ਇਲਾਜ ਲਈ ਮਰੀਜ਼ਾਂ ਦੀ ਵਧ ਰਹੀ ਗਿਣਤੀ ਅੱਗੇ ਮੈਡੀਕਲ ਪ੍ਰਬੰਧ ਫਿੱਕੇ ਪੈਣ ਤੋਂ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ੍ਹ ਸਥਿਤ ਫਾਰਮ ਹਾਊਸ ਛੱਡ ਕੇ ਲੋਕਾਂ ਦੀ ਜਾਨ ਦੀ ਰਾਖੀ ਲਈ ਕਿਹਾ ਹੈ।
ਦੱਸਦਯੋਗ ਹੈ ਕਿ ਪਟਿਆਲਾ ਸ਼ਹਿਰ ’ਚ ਕਰੋਨਾ ਦੇ ਇਲਾਜ ਲਈ ਸਥਾਪਿਤ ਕੀਤੇ ਹਸਪਤਾਲਾਂ ’ਚ ਲੰਘੇ ਕੱਲ ਤੋਂ ਬੈੱਡਾਂ ਦੀ ਘਾਟ ਰੜਕਣ ਲੱਗੀ ਸੀ ਤੇ ਅੱਜ ਨਿਰਧਾਰਤ ਕੀਤੇ ਸਾਰੇ ਬੈੱਡ ਹੀ ਬੁੱਕ ਹੋ ਗਏ ਹਨ। ਰਾਜਪੁਰਾ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਦੇ ਮਾਲਕ ਨੇ ਆਖਿਆ ਕਿ ਅੱਜ ਕੁਝ ਕਰੋਨਾ ਮਰੀਜ਼ਾਂ ਨੂੰ ਬੱਦਤਰ ਹੋਈ ਹਾਲਤ ਦੌਰਾਨ ਘੰਟਿਆਂਬੱਧੀ ਬਿਸਤਰਿਆਂ ਦੀ ਉਡੀਕ ਲਈ ਰੜੇ ਮੈਦਾਨ ਮਾੜਾ ਵਕਤ ਕੱਟਣ ਲਈ ਮਜ਼ਬੂਰ ਹੋਣਾ ਪਿਆ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਰੋਨਾ ਪਾਜ਼ੇਟਿਵ ਦੇ ਇਲਾਜ ਲਈ ਕੁਝ ਅਤਿ ਲੋੜੀਂਦੀਆਂ ਦਵਾਈਆਂ ਟੀਕਿਆਂ ਦੀ ਥੁੜ ਪੈ ਗਈ ਹੈ। ਪਟਿਆਲਾ ’ਚ ਜਿੰਨੇ ਵੀ ਕਰੋਨਾ ਲਈ ਹਸਪਤਾਲ ਸਥਾਪਿਤ ਕੀਤੇ ਹਨ ਸਾਰਿਆਂ ਦੇ ਹੀ ਆਕਸੀਜਨ ਵਾਲੇ ਬੈੱਡ ਬੁੱਕ ਹੋ ਚੁੱਕੇ ਹਨ। ਅੱਜ ਪਟਿਆਲਾ ਸ਼ਹਿਰ ਤੋਂ ਅੱਧੀ ਦਰਜਨ ਤੋਂ ਵੱਧ ਮਰੀਜ਼ਾਂ ਨੂੰ ਉਨ੍ਹਾਂ ਦੇ ਵਾਰਿਸ ਚੰਡੀਗੜ੍ਹ ਜਾਂ ਹੋਰ ਇਲਾਕਿਆਂ ’ਚ ਲੈ ਕੇ ਗਏ ਹਨ। ਬਹਤੁ ਸਾਰੇ ਮਰੀਜ਼ਾਂ ਨੂੰ ਆਕਸੀਜਨ ਵਾਲੇ ਬੈੱਡ ਨਾ ਮਿਲਣ ਕਾਰਨ ਹੋਰ ਸ਼ਹਿਰਾਂ ਵੱਲ ਵਹੀਰਾਂ ਘੱਤਣ ਲਈ ਮਜ਼ਬੂਰ ਹੋਣਾ ਪਿਆ। ਖਰਕਾਂ ਪਿੰਡ ਤੋਂ ਆਏ ਇੱਕ ਮਰੀਜ਼ ਦੇ ਵਾਰਿਸ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪਿਤਾ ਕਰਤਾਰ ਸਿੰਘ ਨੂੰ ਲੰਘੀ ਸ਼ਾਮ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਸੀ ਪਰ ਉਥੇ ਇਲਾਜ ਨਾ ਦੀ ਕੋਈ ਚੀਜ਼ ਨਾ ਹੋਣ ਕਾਰਨ ਅੱਜ ਦੁਪਹਿਰੇ ਮਰੀਜ਼ ਨੂੰ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ’ਚ ਵੀ ਬੜੀ ਮੁਸ਼ਕਲ ਨਾਲ ਇੱਕ ਖਾਲੀ ਬੈੱਡ ਮਿਲਿਆ।
ਇਕੱਤਰ ਵੇਰਵਿਆਂ ਮੁਤਾਬਕ ਪਟਿਆਲਾ ਜ਼ਿਲ੍ਹੇ ’ਚ ਅੱਧੀ ਦਰਜਨ ਹਸਪਤਾਲ ਪ੍ਰਾਈਵੇਟ ਖੇਤਰ ਤੋਂ ਕਰੋਨਾ ਇਲਾਜ ਲਈ ਨਿਰਧਾਰਤ ਕੀਤੇ ਹੋਏ ਹਨ ਜਦੋਂਕਿ ਰਜਿੰਦਰਾ ਹਸਪਤਾਲ ਸਮੇਤ ਚਾਰ ਹਸਪਤਾਲ ਸਰਕਾਰੀ ਖੇਤਰ ’ਚ ਹਨ। ਇੱਕ ਮਾਡਲ ਟਾਊਨ ਪਟਿਆਲਾ ਦੇ ਹਸਪਤਾਲ ਨੂੰ ਰਿਜ਼ਰਵ ਵਜੋਂ ਵੀ ਰੱਖਿਆ ਹੋਇਆ ਹੈ। ਵੇਖਣ ’ਚ ਆਇਆ ਹੈ ਕਿ ਵੱਡੀ ਗਿਣਤੀ ਮਰੀਜ਼ ਪ੍ਰਾਈਵੇਟ ਹਸਪਤਾਲਾਂ ਨੂੰ ਤਰਜੀਹ ਦੇ ਰਹੇ ਹਨ ਪਰ ਸ਼ਹਿਰ ਦੇ ਸਾਰੇ ਹਸਪਤਾਲਾਂ ’ਚ ਅੱਜ ਆਗਸੀਜਨ ਵਾਲੇ ਬੈੱਡ ਭਰ ਗਏ ਸਨ ਤੇ ਵੱਡੀ ਗਿਣਤੀ ਮਰੀਜ਼ ਇਨ੍ਹਾਂ ਬੈੱਡਾਂ ਦੀ ਭਾਲ ’ਚ ਖੱਜਲ ਹੁੰਦੇ ਵੇਖੇ ਗਏ। ਕੋਵਿੱਡ ਇਲਾਜ ਸਬੰਧੀ ਜ਼ਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਮੰਨਿਆ ਕਿ ਪਟਿਆਲਾ ਸ਼ਹਿਰ ’ਚ ਕਰੋਨਾ ਇਲਾਜ ਦੇ ਪ੍ਰਬੰਧ ਫਿੱਕੇ ਪੈ ਰਹੇ ਹਨ।
ਪਟਿਆਲਾ ’ਚ ਕਰੋਨਾ ਕਾਰਨ ਪੰਜ ਹੋਰ ਮੌਤਾਂ
ਪਟਿਆਲਾ (ਖੇਤਰੀ ਪ੍ਰਤੀਨਿਧ) ਕਰੋਨਾ ਕਾਰਨ ਅੱਜ ਪਟਿਆਲਾ ਜ਼ਿਲ੍ਹੇ ’ਚ ਪੰਜ ਹੋਰ ਮੌਤਾਂ ਹੋ ਗਈਆਂ ਹਨ। ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 699 ਹੋ ਗਈ ਹੈ। ਜਦੋਂਕਿ ਅੱਜ ਫੇਰ ਜ਼ਿਲ੍ਹੇ ਭਰ ’ਚ 448 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਪਾਜ਼ੇਟਿਵ ਕੇਸਾਂ ਦਾ ਅੰਕੜਾ 29056 ਹੋ ਗਿਆ ਹੈ। ਜਿਸ ਵਿੱਚੋਂ 25205 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਐਕਟਿਵ ਕੇਸ 3157 ਹਨ। ਸੱਜਰੇ ਪਾਜ਼ੇਟਿਵ ਆਏ ਕੇਸਾਂ ਵਿੱਚੋਂ ਪਟਿਆਲਾ ਸ਼ਹਿਰ ਤੋਂ 236, ਨਾਭਾ ਤੋਂ 29, ਸਮਾਣਾ ਤੋਂ 14, ਰਾਜਪੁਰਾ ਤੋਂ 46, ਬਲਾਕ ਭਾਦਸੋ ਤੋਂ 37, ਬਲਾਕ ਕੌਲੀ ਤੋਂ 17, ਬਲਾਕ ਕਾਲੋਮਾਜਰਾ ਤੋਂ 23, ਬਲਾਕ ਹਰਪਾਲਪੁਰ ਤੋਂ 15, ਬਲਾਕ ਦੁਧਣਸਾਧਾਂ ਤੋ 13 ਅਤੇ ਬਲਾਕ ਸ਼ੁਤਰਾਣਾ ਤੋਂ 18 ਕੇਸ ਰਿਪੋਰਟ ਹੋਏ ਹਨ।