ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਜੁਲਾਈ
ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ‘ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ’ ਨੇ ਜਥੇਬੰਦੀ ਦੀ ਸੂਬਾਈ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠ ਇਥੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਭਰਵੀਂ ਰੋਸ ਰੈਲੀ ਕੀਤੀ। ਉਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖਾਲੀ ਭਾਂਡੇ ਵੀ ਖੜਕਾਏ। ਰੈਲੀ ਮਗਰੋਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਵੱਲ ਮਾਰਚ ਸ਼ੁਰੂ ਕਰ ਦਿੱਤਾ। ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕੇ।
ਇਹ ਕਾਫਲਾ ਜਦੋਂ ਫੁਹਾਰਾ ਚੌਕ ਕੋਲ ਪੁੱਜਿਆ ਤਾਂ ਪੁਲੀਸ ਨੇ ਇਨ੍ਹਾਂ ਨੂੰ ਉਥੇ ਹੀ ਰੋਕ ਲਿਆ। ਇਸ ਦੇ ਰੋਸ ਵਜੋਂ ਉਹ ਸੜਕ ’ਤੇ ਹੀ ਧਰਨਾ ਲੈ ਕੇ ਬੈਠ ਗਏ, ਜਿਸ ਕਾਰਨ ਸੜਕ ’ਤੇ ਜਾਮ ਲੱਗ ਗਿਆ। ਲੰਮਾ ਸਮੇਂ ਇਥੇ ਬੈਠਣ ਰਹਿਣ ਮਗਰੋਂ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੀ ਪ੍ਰਧਾਨ ਕਿਰਨਜੀਤ ਕੌਰ ਪੰਜੋਲਾ ਕੋਲੋਂ ਫੁਹਾਰਾ ਚੌਕ ’ਤੇ ਆ ਕੇ ਮੰਗ ਪੱਤਰ ਲਿਆ ਜਿਸ ਮਗਰੋਂ ਧਰਨਾ ਸਮਾਪਤ ਹੋਇਆ। ਮੁਜ਼ਾਹਰਾਕਾਰੀ 15000 ਰੁਪਏ ਮਿਹਨਤਾਨਾ, ਸਮਾਰਟ ਫੋਨ, ਡਿਊਟੀ ਦੌਰਾਨ ਹਾਦਸਾ ਗ੍ਰਸਤ ਵਰਕਰਾਂ ਨੂੰ ਰੈਗੂਲਰ ਕਰਮਚਾਰੀਆਂ ਦੀ ਤਰਜ਼ ’ਤੇ ਸਹੂਲਤਾਂ ਅਤੇ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ’ਤੇ ਭੱਤੇ ਤੇ ਇਨਸੈਂਟਿਵ ਦੇਣ ਦੀ ਮੰਗ ਕਰ ਰਹੇ ਸਨ।
ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਸੰਤੋਸ਼ ਕੁਮਾਰੀ ਨੇ ਆਖਿਆ ਕਿ ਉਹ ਕਰੋਨਾ ਮਹਾਮਾਰੀ ਦੌਰਾਨ ਜਾਨ ਜੋਖਮ ’ਚ ਪਾ ਕੇ ਸੇਵਾਵਾਂ ਨਿਭਾਅ ਰਹੀਆਂ ਹਨ ਪਰ ਸਰਕਾਰ ਉਨ੍ਹਾਂ ਦਾ ਵਿੱਤੀ ਸ਼ੋਸ਼ਣ ਕਰ ਰਹੀ ਹੈ।