ਪੱਤਰ ਪ੍ਰੇਰਕ
ਰਾਜਪੁਰਾ, 19 ਸਤੰਬਰ
ਇਸ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਚੀਨੀ ਵਾਇਰਸ ਕਾਰਨ ਝੋਨੇ ਦੀ ਫਸਲ ਵੱਡੇ ਪੱਧਰ ’ਤੇ ਨੁਕਸਾਨੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਕਿਸਾਨ ਆਗੂਆਂ ਅਸ਼ੋਕ ਕੁਮਾਰ, ਨੰਬਰਦਾਰ ਰਘਵੀਰ ਸਿੰਘ ਖੇੜਾ ਗੱਜੂ, ਧਰਮ ਸਿੰਘ ਭੱਪਲ, ਕਮਲਜੀਤ ਸਿੰਘ ਦਭਾਲੀ ਖੁਰਦ, ਮਨਜੀਤ ਸਿੰਘ, ਮੋਹਨ ਸਿੰਘ ਉੜਦਣ, ਪਰਵਿੰਦਰ ਸਿੰਘ ਭਟੀਰਸ ਸਮੇਤ ਹੋਰਨਾਂ ਆਗੂਆਂ ਨਾਲ ਪਿੰਡ ਭੱਪਲ, ਭਟੇੜੀ, ਦਭਾਲੀ ਖੁਰਦ, ਦਭਾਲੀ ਕਲਾਂ, ਭਟੀਰਸ, ਖੇੜਾ ਗੱਜੂ ਅਤੇ ਉੜਦਣ ਸਮੇਤ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਚੀਨੀ ਵਾਇਰਸ ਤੋਂ ਪ੍ਰਭਾਵਿਤ ਝੋਨੇ ਵਾਲੇ ਖੇਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸਮੁੱਚੇ ਖੇਤਰ ਵਿੱਚ ਚੀਨੀ ਵਾਇਰਸ ਕਾਰਨ ਝੋਨੇ ਦੀ ਪੀਆਰ 128,129, 131, ਊਸ਼ਾ 44 ਅਤੇ ਹਾਈਬ੍ਰਿਡ ਦੀਆਂ ਲਗਪਗ ਸਾਰੀਆਂ ਹੀ ਕਿਸਮਾਂ ਦੀ ਫਸਲ ਵੱਡੇ ਪੱਧਰ ’ਤੇ ਨੁਕਸਾਨੀ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।