ਪੱਤਰ ਪ੍ਰੇਰਕ
ਪਟਿਆਲਾ, 10 ਅਗਸਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਾਰੀ ਹੋਏ ਆਦੇਸ਼ ਅਨੁਸਾਰ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪਾਵਨ ਅਸਥਾਨ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਨਿਸ਼ਾਨ ਸਾਹਿਬ ’ਤੇ ਬਸੰਤੀ ਰੰਗ ਦੇ ਚੋਲੇ ਚੜ੍ਹਾਏ ਗਏ। ਨਿਸ਼ਾਨ ਸਾਹਿਬ ’ਤੇ ਚੋਲਾ ਚੜ੍ਹਾਉਣ ਤੋਂ ਪਹਿਲਾਂ ਭਾਈ ਭੁਪਿੰਦਰਪਾਲ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਅਤੇ ਮੈਨੇਜਰ ਨਿਸ਼ਾਨ ਸਿੰਘ ਜ਼ਫਰਵਾਲ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਾਂ ਅਨੁਸਾਰ ਹੁਣ ਗੁਰੂ ਘਰਾਂ ’ਚ ਕੇਸਰੀ ਰੰਗ ਦੇ ਚੋਲੇ ਦੀ ਬਜਾਏ ਬਸੰਤੀ ਰੰਗ ਦੀ ਚੋਲੇ ਨਿਸ਼ਾਨ ਸਾਹਿਬ ’ਤੇ ਚੜ੍ਹਾਏ ਜਾਣਗੇ। ਇਸ ਦੌਰਾਨ ਸੰਗਤ ਨੂੰ ਜਥੇਦਾਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਬੀਬੀ ਕੁਲਦੀਪ ਕੌਰ ਟੌਹੜਾ ਨੇ ਕਿਹਾ ਕਿ ਸਿੰਘ ਸਾਹਿਬ ਦੇ ਇਹ ਆਦੇਸ਼ ਸਮੁੱਚੇ ਰੂਪ ਵਿਚ ਸਾਰੇ ਗੁਰੂ ਘਰਾਂ ਲਈ ਹਨ ਚਾਹੇ ਗੁਰੂ ਘਰ ਸ਼ਹਿਰ, ਪਿੰਡ ਕਸਬਿਆਂ ਅਤੇ ਨਗਰਾਂ ਵਿਚ ਹੋਣ, ਉੱਥੇ ਹੀ ਬਸੰਤੀ ਰੰਗ ਦੇ ਚੋਲੇ ਚੜ੍ਹਾਉਣ ਦਾ ਕਾਰਜ ਸੰਗਤਾਂ ਨੂੰ ਕਰਨਾ ਹੋਵੇਗਾ। ਮੈਨੇਜਰ ਨਿਸ਼ਾਨ ਸਿੰਘ ਜ਼ਫਰਵਾਲ ਨੇ ਅਪੀਲ ਕੀਤੀ ਕਿ ਸੰਗਤ ਅੱਗੇ ਤੋਂ ਗੁਰੂ ਘਰ ਵਿਚ ਬਸੰਤੀ ਰੰਗ ਦੇ ਚੋਲੇ ਚੜ੍ਹਾਉਣ ਨੂੰ ਤਰਜੀਹ ਦੇਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਸੁਰਜੀਤ ਸਿੰਘ ਕੌਲੀ, ਆਤਮ ਪ੍ਰਕਾਸ਼ ਸਿੰਘ ਬੇਦੀ, ਮਨਦੀਪ ਭਲਵਾਨ, ਭਾਈ ਦਰਸ਼ਨ ਸਿੰਘ, ਅਕਾਊਂਟੈਂਟ ਗੁਰਮੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਭਾਈ ਹਜ਼ੂਰ ਸਿੰਘ ਆਦਿ ਵੀ ਹਾਜ਼ਰ ਸਨ।