ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 22 ਜੂਨ
ਗੁਰਦੁਆਰਾ ਦੂਖਨਿਵਾਰਨ ਵਿਚ ਮੱਸਿਆ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਦੀਵਾਨ ਹਾਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਦੀ ਦਾਤ ਹਾਸਲ ਕਰਨ ਵਾਲਿਆਂ ਨੇ ਖੰਡੇ ਬਾਟੇ ਦੀ ਪਾਹੁਲ ਲਈ ਅਤੇ ਸ਼ਬਦ ਗੁਰੂ ਦਾ ਆਸਰਾ ਪ੍ਰਾਪਤ ਕਰਕੇ ਆਪਣਾ-ਆਪ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ। ਇਸ ਮੌਕੇ 52 ਦੇ ਕਰੀਬ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ।
ਦੱਸਣਯੋਗ ਹੈ ਕਿ ਸੂਰਜ ਗ੍ਰਹਿਣ ’ਤੇ ਕਈ ਧਰਮਾਂ ਅੰਦਰ ਪੂਜਾ ਪਾਠ ਬੰਦ ਵੀ ਕਰ ਦਿੱਤਾ ਗਿਆ ਸੀ, ਪਰ ਸਿੱਖ ਧਰਮ ’ਚ ਸੂਰਜ ਗ੍ਰਹਿਣ ਨੂੰ ਅਸਲੋਂ ਹੀ ਸਹਿਜ ਲੈਂਦਿਆਂ ਸਾਰੇ ਧਾਰਮਿਕ ਕਾਜ ਬੇਰੋਕ ਜਾਰੀ ਰਹੇ। ਅਜਿਹੇ ਦੌਰਾਨ ਮੱਸਿਆ ਦੇ ਤਿਉਹਾਰ ਦੇ ਸੰਦਰਭ ’ਚ ਗੁਰਦੁਆਰੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤ ਛਕਾਉਣ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ।
ਇਸ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਤੇ ਗੁਰੂ ਸਾਹਿਬਾਨ ਵਾਲੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਬਾਣੇ ਅਤੇ ਬਾਣੀ ਦਾ ਧਾਰਨੀ ਉਪਰੰਤ ਸਾਰਿਆਂ ਨੂੰ ਰਹਿਤ ਮਰਿਆਦਾ ਨੂੰ ਆਪਣੇ ਅਮਲੀ ਜੀਵਨ ਦਾ ਅਹਿਮ ਹਿੱਸਾ ਬਣਾਉਣ ਦੀ ਲੋੜ ਹੈ।