ਸ਼ਾਹਬਾਜ਼ ਸਿੰਘ
ਘੱਗਾ, 15 ਮਾਰਚ
ਬਾਦਸ਼ਾਹਪੁਰ ਅੱਡੇ ਉੱਤੇ ਲੋਕ ਪਿਛਲੇ ਕਈ ਦਿਨਾਂ ਤੋਂ ਬਾਂਦਰਾਂ ਦੇ ਹਮਲੇ ਦਾ ਸ਼ਿਕਾਰ ਹੋ ਰਹੇ ਹਨ ਪਰ ਇਨ੍ਹਾਂ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਕੋਈ ਸਰਕਾਰੀ ਉਪਰਾਲਾ ਨਹੀਂ ਹੋ ਰਿਹਾ ਹੈ। ਅੱਜ ਦੁਪਹਿਰ ਅੱਡੇ ਉੱਤੇ ਬੱਸ ਦਾ ਇੰਤਜ਼ਾਰ ਕਰ ਰਹੀ ਮਹਿਲਾ ’ਤੇ ਬਾਂਦਰ ਨੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਮਹਿਲਾ ਨੂੰ ਸਥਾਨਕ ਡਾਕਟਰਾਂ ਵੱਲੋਂ ਮੱਲ੍ਹਮ ਪੱਟੀ ਕਰਕੇ ਸਹਾਇਤਾ ਦਿੱਤੀ ਗਈ।
ਬਾਦਸ਼ਾਹਪੁਰ ਦੇ ਵਸਨੀਕ ਬੰਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਪਿੱਛੇ ਬਾਂਦਰ ਪੈ ਗਿਆ ਤੇ ਬਾਂਦਰ ਦੇ ਹਮਲੇ ਤੋਂ ਬਚਾਅ ਕਰਦਿਆਂ ਡਿੱਗਣ ਕਾਰਨ ਉਸ ਦੀ ਬਾਂਹ ਦੀ ਟੁੱਟ ਗਈ। ਇਸੇ ਤਰ੍ਹਾਂ ਨਵਤੇਜ ਨਾਂ ਦੇ ਵਿਅਕਤੀ ਨੂੰ ਵੀ ਬਾਂਦਰ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਬਹੁਤ ਲੋਕ ਬਾਂਦਰਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਬਾਦਸ਼ਾਹਪੁਰ ਦੇ ਵਸਨੀਕ ਜੱਗਾ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੇ ਘਰ ਪਾਣੀ ਵਾਲੀ ਟੈਂਕੀ ਵੀ ਬਾਂਦਰਾਂ ਨੇ ਤੋੜ ਦਿੱਤੀ ਹੈ।
ਇਸੇ ਤਰ੍ਹਾਂ ਜਤਿੰਦਰ ਨਾਂ ਦੇ ਵਿਅਕਤੀ ਦਾ ਕਹਿਣਾ ਸੀ ਕਿ ਉਸ ਦੇ ਘਰ ਆਉਂਦੀ ਇੰਟਰਨੈੱਟ ਫਾਈਬਰ ਵੀ ਬਾਂਦਰਾਂ ਨੇ ਕੱਟ ਦਿੱਤੀ ਜਿਸ ਕਾਰਨ ਕਈ ਘਰਾਂ ਦੀਆਂ ਇੰਟਰਨੈੱਟ ਸੇਵਾਵਾਂ ਬੰਦ ਹੋ ਗਈਆਂ। ਲੋਕਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਬਾਂਦਰਾਂ ਨੂੰ ਕਾਬੂ ਕਰਕੇ ਗੁਰਦਿਆਲਪੁਰਾ ਬੀੜ ਛੱਡ ਕੇ ਆਏ ਸਨ ਪਰ ਹੁਣ ਬਾਂਦਰਾਂ ਦਾ ਇਕ ਪੂਰਾ ਪਰਿਵਾਰ ਫਿਰ ਆ ਗਿਆ ਹੈ ਜੋ ਕਾਬੂ ਨਹੀਂ ਆ ਰਹੇ ਤੇ ਦਿਨ ਰਾਤ ਲੋਕਾਂ ਦੇ ਘਰਾਂ ਵਿੱਚ ਵੜਦੇ ਹਨ। ਬਾਦਸ਼ਾਹਪੁਰ ਸਿਹਤ ਕੇਂਦਰ ਦੇ ਅਮਲੇ ਨੇ ਦੱਸਿਆ ਕਿ ਬਾਂਦਰ ਬਹੁਤ ਤੰਗ ਕਰਦੇ ਹਨ ਅਤੇ ਦਵਾਈ ਲੈਣ ਆਉਂਦੇ ਮਰੀਜ਼ਾਂ ਨੂੰ ਵੀ ਬਾਂਦਰ ਪੈ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਇਸ ਮਾਮਲੇ ਵਿੱਚ ਵਣ ਮਹਿਕਮਾ ਤੁਰੰਤ ਕਾਰਵਾਈ ਕਰੇ। ਇਸੇ ਦੌਰਾਨ ਵਣ ਵਿਭਾਗ ਗੁਰਦਿਆਲਪੁਰਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਦਸ਼ਾਹਪੁਰ ਦੇ ਸਿਹਤ ਕੇਂਦਰ ਵਿੱਚ ਪਿੰਜਰਾ ਰਖਵਾਇਆ ਗਿਆ ਹੈ ਪਰ ਬਾਂਦਰ ਪਿੰਜਰਾ ਦੇਖ ਕੇ ਭੱਜ ਜਾਂਦਾ ਹੈ ਪਰ ਫਿਰ ਵੀ ਉਹ ਕੋਈ ਉਪਰਾਲਾ ਕਰਕੇ ਲੋਕਾਂ ਨੂੰ ਨਿਜਾਤ ਦਿਵਾਉਣਗੇ।