ਰਵੇਲ ਸਿੰਘ ਭਿੰਡਰ
ਪਟਿਆਲਾ, 27 ਫਰਵਰੀ
ਸਰਬ ਕਲਾ ਦਰਪਣ ਪੰਜਾਬ ਅਤੇ ਵਿਸ਼ਵ ਬੁੱਧੀਜੀਵੀ ਫੋਰਮ ਵੱਲੋਂ ਪਟਿਆਲਾ ਵਿੱਚ ਕਿਸਾਨ ਮਜ਼ਦੂਰ ਏਕਤਾ ਨੂੰ ਸਮਰਪਿਤ ਸਾਲਾਨਾ ਯਾਦਗ਼ਾਰੀ ਸਨਮਾਨ, ਪੁਸਤਕ ਵਿਮੋਚਨ ਅਤੇ ਦੋਭਾਸ਼ੀ ਕਵੀ ਦਰਬਾਰ (ਪੰਜਾਬੀ, ਹਿੰਦੀ) ਕਰਵਾਇਆ ਗਿਆ। ਜਿਸ ਵਿੱਚ ਅਜੋਕੇ ਕਿਸਾਨ ਅੰਦੋਲਨ ਦੇ ਹੱਕ ’ਚ ਖੜ੍ਹਨ ਦਾ ਅਹਿਦ ਲੈਂਦਿਆਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਉਠਾਈ ਗਈ। ਇਸ ਦੌਰਾਨ ਮੋਦੀ ਸਰਕਾਰ ਦਾ ਕਾਵਿ ਰੂਪ ਵਿੱਚ ਵਿਰੋਧ ਕਰਦਿਆਂ ਕਿਹਾ ਕਿ ‘ਕਿਸਾਨ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ’। ਸਮਾਗਮ ਦੇ ਆਰੰਭ ਵਿੱਚ ਦਰਪਣ ਦੇ ਪ੍ਰਧਾਨ ਅਜਮੇਰ ਕੈਂਥ ਨੇ ਸਮਾਗਮ ਦੇ ਮਕਸਦ, ਕਵੀ ਦਰਬਾਰ ਦੀ ਮੌਜੂਦਾ ਦੌਰ ’ਚ ਅਹਿਮੀਅਤ ਬਾਰੇ ਤਫ਼ਸੀਲ ਨਾਲ ਹਾਜ਼ਰੀਨ ਨਾਲ ਸਾਂਝ ਪਾਈ। ਉਥੇ ਫੋਰਮ ਦੇ ਪ੍ਰਧਾਨ ਗ਼ੁਰਬਖਸ਼ੀਸ਼ ਸਿੰਘ ਹੁਰਾਂ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦਾ ਆਗ਼ਾਜ਼ ਕਰਦਿਆਂ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਯੋਧਿਆਂ ਅਤੇ ਉੱਘੇ ਗ਼ਾਇਕ ਸਰਦੂਲ ਸਿਕੰਦਰ ਹੁਰਾਂ ਦੇ ਦੇਹਾਂਤ ’ਤ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ 2021 ਦੇ ਯਾਦਗਾਰੀ ਐਵਾਰਡ ਵੱਖ-ਵੱਖ ਸ਼ਖਸੀਅਤਾਂ ਨੂੰ ਪ੍ਰਦਾਨ ਕੀਤੇ ਗਏ। ਡਾ. ਤਾਰ ਸਿੰਘ ਅਨਟਾਲ ਐਵਾਰਡ ਉੱਘੇ ਆਰਕੀਟੈਕਟ ਐੱਲ.ਆਰ.ਗੁਪਤਾ ਨੂੰ ਪ੍ਰਦਾਨ ਕੀਤਾ ਗਿਆ ਜਦੋਂ ਕਿ ਹਰਵੰਤ ਕੌਰ ਐਵਾਰਡ ਡਾ. ਕੁਲਵਿੰਦਰ ਕੌਰ ਮਿਨਹਾਸ ਨੂੰ, ਤਰਲੋਕ ਸਿੰਘ ਕਲੇਰ ਐਵਾਰਡ ਡਾ. ਤਰਸਪਾਲ ਕੌਰ ਨੂੰ, ਸੁਰਜੀਤ ਕੌਰ ਐਵਾਰਡ. ਭੁਪਿੰਦਰ ਕੌਰ ਪ੍ਰੀਤ ਨੂੰ ਤੇ ਚਰਨਜੀਤ ਸਿੰਘ ਬਾਹੀਆ ਪੁਰਸਕਾਰ ਜਗਵਿੰਦਰ ਸਿੰਘ ਸਾਈਕਲਿਸਟ ਨੂੰ ਪ੍ਰਦਾਨ ਕੀਤਾ ਗਿਆ।