ਖੇਤਰੀ ਪ੍ਰਤੀਨਿਧ
ਪਟਿਆਲਾ, 8 ਅਕਤੂਬਰ
ਭਾਰਤ ਵਿੱਚ 5 ਤੋਂ 12 ਅਕਤੂਬਰ ਤੱਕ ਮਨਾਏ ਜਾ ਰਹੇ ਜਾਗਰੂਕਤਾ ਹਫ਼ਤੇ ਦੀ ਕੜੀ ਵਜੋਂ ਮਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ‘ਸੂਚਨਾ ਅਧਿਕਾਰ ਐਕਟ 2005’ ਵਿਸ਼ੇ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਵਿਸ਼ਾ ਮਾਹਿਰ ਡੀਸੀ ਗੁਪਤਾ ਵੱਲੋਂ ਸੂਚਨਾ ਅਧਿਕਾਰ ਦੀ ਮਹੱਤਤਾ, ਸੂਚਨਾ ਕੀ ਹੈ, ਪਬਲਿਕ ਅਥਾਰਟੀ ਕਿਸ ਨੂੰ ਕਹਿੰਦੇ ਹਨ, ਪੀਆਈਓ ਅਤੇ ਏਪੀਆਈਓ ਦੀਆਂ ਜ਼ਿੰਮੇਵਾਰੀਆਂ, ਬਿਨੈ-ਪੱਤਰ ਅਤੇ ਸੂਚਨਾ ਲੈਣ ਦੀ ਫ਼ੀਸ ਕੀ ਹੈ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸਹਾਇਕ ਡਾਇਰੈਕਟਰ (ਸੇਵਾਮੁਕਤ) ਪੰਜਾਬ ਸਕੂਲ ਸਿੱਖਿਆ ਵਿਭਾਗ ਯਸ਼ਪਾਲ ਮਾਨਵੀ ਨੇ ਸੂਚਨਾ ਦੇਣ ਲਈ ਸਮਾਂ-ਸੀਮਾ, ਤੀਜੀ ਧਿਰ ਨਾਲ ਸਬੰਧਤ ਸੂਚਨਾ, ਸ਼ਿਕਾਇਤ ਦਰਜ ਕਰਨ ਦਾ ਤਰੀਕਾ, ਸੂਚਨਾ ਕਮਿਸ਼ਨ ਦਾ ਗਠਨ ਅਤੇ ਪ੍ਰਸ਼ਨ-ਉੱਤਰ ਬਾਰੇ ਜਾਣਕਾਰੀ ਦਿੱਤੀ। ਕੇਂਦਰ ਖੇਤਰੀ ਪ੍ਰਾਜੈਕਟ ਡਾਇਰੈਕਟਰ ਇੰਦਰਬੀਰ ਕੌਰ ਮਾਨ ਤੇ ਪ੍ਰੋਜੈਕਟ ਕੁਆਰਡੀਨੇਟਰ ਅਮਰਜੀਤ ਸਿੰਘ ਸੋਢੀ ਨੇ ਨੇ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਐੱਨਜੀਓਜ਼ ਇਸ ਐਕਟ ਸਬੰਧੀ ਜਨਤਾ ਨੂੰ ਜਾਗਰੂਕ ਕਰਨ ਵਿੱਚ ਚੰਗੀ ਭੂਮਿਕਾ ਨਿਭਾਅ ਸਕਦੇ ਹਨ। ਐਕਟ ਸਬੰਧੀ ਕਿਤਾਬਾਂ ਵੀ ਵੰਡੀਆਂ ਗਈਆਂ। ਜੀ.ਐੱਸ.ਆਨੰਦ (ਪ੍ਰਧਾਨ ਐੱਨਜੀਓਜ਼ ਐਸੋਸੀਏਸ਼ਨ ) ਅਤੇ ਪ੍ਰਾਣ ਸਭਰਵਾਲ (ਪ੍ਰਧਾਨ ਨੈਸ਼ਨਲ ਆਰਟ ਸੁਸਾਇਟੀ) ਨੇ ਇਸ ਕਾਰਜ ਦੀ ਸ਼ਲਾਘਾ ਕੀਤੀ। ਅੰਤ ’ਚ ਬੂਟੇ ਵੀ ਲਗਾਏ ਗਏ।