ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 17 ਜੂਨ
ਸ਼ਾਹੀ ਸ਼ਹਿਰ ਪਟਿਆਲਾ ਦੇ ਕਈ ਟਰੈਫਿਕ ਚੌਕਾਂ ਦੀਆਂ ਲਾਈਟਾਂ ਖਰਾਬ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਰਾਘੋਮਾਜਰਾ ਸਰਕਲ ਦੇ ਪ੍ਰਧਾਨ ਆਕਾਸ ਬਾਕਸਰ ਅਤੇ ਹੋਰਨਾਂ ਆਗੂਆਂ ਨੇ ਇਸ ਮੁੱਦਾ ਚੁੱਕਿਆ ਅਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਕਾਸ ਬਾਕਸਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿਚ ਟਰੈਫਿਕ ਲਾਈਟਾਂ ਦਾ ਮਾੜਾ ਹਾਲ ਹੈ। ਸ਼ਹਿਰ ਦੇ ਸਿਵਲ ਲਾਈਨ ਚੌਕ ਦੀਆਂ ਟਰੈਫਿਕ ਲਾਈਟਾਂ ਅਕਸਰ ਖਰਾਬ ਹੀ ਰਹਿੰਦੀਆਂ ਹਨ। ਇਹ ਲਾਈਟਾਂ ਪਿਛਲੇ ਡੇਢ ਸਾਲ ਤੋਂ ਲਗਭਗ ਖਰਾਬ ਹਨ। ਉਨਾਂ ਦੱਸਿਆ ਕਿ ਇਸੇ ਤਰ੍ਹਾਂ ਮਿਨੀ ਸਕੱਤਰੇਤ ਦੇ ਸਾਹਮਣੇ ਵਾਲੀਆਂ ਅਤੇ ਕੈਫੇ ਡੇਅ ਚੌਕ ਦੀਆਂ ਲਾਈਟਾਂ ਅੱਜ ਵੀ ਖਰਾਬ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਆਏ ਦਿਨ ਹਾਦਸੇ ਵਾਪਰ ਰਹੇ ਹਨ। ਕੁਝ ਸਮਾਂ ਪਹਿਲਾਂ ਸ਼ਹਿਰ ਦੇ ਥਾਪਰ ਕਾਲਜ ਚੌਕ ਵਿਚ ਵੱਡਾ ਹਾਦਸਾ ਹੋਇਆ ਸੀ ਜਿਸ ਵਿਚ ਚਾਰ ਵਿਅਕਤੀ ਮਾਰੇ ਗਏ ਸਨ। ਉਸ ਸਮੇਂ ਵੀ ਟਰੈਫਿਕ ਲਾਈਟਾਂ ਖਰਾਬ ਸਨ। ਉਨ੍ਹਾਂ ਕਿਹਾ ਕਿ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਾਭਾ ਰੋਡ ’ਤੇ ਅਬਲੋਵਾਲ ਚੌਕ ਦੀ ਟਰੈਫਿਕ ਲਾਈਟ ਜਿਸ ਦੀ ਦਿਨ ਦੀ ਲਗਾਈ ਗਈ ਹੈ, ਚੱਲੀ ਹੀ ਨਹੀਂ ਅਤੇ ਇਥੇ ਤਾਂ ਟਰੈਫਿਕ ਲਾਈਟਾਂ ਵਾਲੇ ਕਈ ਪੋਲ ਗਾਇਬ ਹੋ ਗਏ ਹਨ। ਪ੍ਰਧਾਨ ਬਾਕਸਰ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਮੰਤਰੀ ਦੇ ਸ਼ਹਿਰ ਦੀ ਇਹ ਹਾਲਤ ਹੈ ਤਾਂ ਫੇਰ ਬਾਕੀ ਪੰਜਾਬ ਦੀ ਕੀ ਹਾਲਤ ਹੋਵੇਗੀ।
ਇਸ ਮੌਕੇ ਯੂਥ ਆਗੂ ਬਿੰਦਰ ਸਿੰਘ ਨਿੱਕੂ, ਹਰਪ੍ਰੀਤ ਸਿੰਘ ਸਹਿਗਲ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ, ਜਸਪ੍ਰੀਤ ਸਿੰਘ ਲੱਕੀ ਅਤੇ ਰਾਜੀਵ ਵਰਮਾ ਹਾਜ਼ਰ ਸਨ।