ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਜੂਨ
ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪਟਿਆਲਾ ਜ਼ਿਲ੍ਹੇ ਦੇ ਚੋਣ ਇੰਚਾਰਜ ਕੁਲਤਾਰ ਸੰਧਵਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੇ ‘ਇਕ ਮੰਡੀ ਇਕ ਮੁਲਕ’ ਦਾ ਪੱਖ ਕਰ ਕੇ ਕਾਰਪੋਰੇਟ ਪ੍ਰਣਾਲੀ ਦੇ ਹਵਾਲੇ ਵਿਚ ਆਪਣੇ ਆਪ ਨੂੰ ਰੱਖ ਲਿਆ ਹੈ, ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਘੀ ਢਾਂਚੇ, ਸੂਬਿਆਂ ਦੇ ਵੱਧ ਅਧਿਕਾਰਾਂ, ਪੰਜਾਬੀ ਬੋਲਦੇ ਇਲਾਕਿਆਂ, ਚੰਡੀਗੜ੍ਹ, ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨਾ ਛੱਡ ਗਿਆ ਹੈ, ਇਹ ਕੇਂਦਰ ਵਿਚ ਆਪਣੀ ਵਜ਼ੀਰੀ ਬਚਾਉਣ ਲਈ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਪਾਣੀ ਫੇਰ ਗਿਆ ਹੈ।
ਸ੍ਰੀ ਸੰਧਵਾਂ ਇੱਥੇ ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੇ ਘਰ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਊਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਮੁਲਕ ਇਕ ਮੰਡੀ ਦੇ ਮੁੱਦੇ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀਆਂ ਮੁਜ਼ਾਹਰੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਬਹਬਿਲ ਕਲਾਂ ਗੋਲੀ ਕਾਂਡ ਵਿੱਚ ਪੰਜਾਬ ਸਰਕਾਰ ਸਿਰਫ਼ ਹੰਝੂ ਪੂੰਝਣ ਦਾ ਕੰਮ ਕਰ ਰਹੀ ਹੈ ਪਰ ਜੋ ਅੱਜ ਸੁਹੇਲ ਸਿੰਘ ਬਰਾੜ ਦੀ ਗ੍ਰਿਫ਼ਤਾਰੀ ਹੋਈ ਹੈ, ਉਸ ਨਾਲ ਵੀ ਕੁਝ ਹੱਥ ਪੱਲੇ ਨਹੀਂ ਪੈਣਾ ਕਿਉਂਕਿ ਪੰਜਾਬ ਸਰਕਾਰ ਨੇ ਪੁਲੀਸ ਦੇ ਹੱਥ ਬੰਨ੍ਹ ਰੱਖੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪੁਰਾਣੇ ਅਤੇ ਮਿਹਨਤੀ ਵਰਕਰਾਂ ਵਿਚੋਂ ਹੀ ਵਾਲੰਟੀਅਰਜ਼ ਚੁਣ ਕੇ ਜ਼ਿਲ੍ਹਾ ਪਟਿਆਲਾ ਦੀ ਟੀਮ ਵਿੱਚ ਅਹੁਦੇਦਾਰ ਬਣਾ ਕੇ ਸੰਗਠਨ ਦਾ ਵਿਸਥਾਰ ਕੀਤਾ ਜਾਵੇਗਾ। ਪਟਿਆਲਾ ਦੇ ਪਾਰਟੀ ਸੰਗਠਨ ਨੂੰ ਹਲਕਾ, ਬਲਾਕ, ਵਾਰਡ ਅਤੇ ਬੂਥ ਪੱਧਰ ਤਕ ਮਜ਼ਬੂਤ ਕੀਤਾ ਜਾਵੇਗਾ ਤਾਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ ਭਾਜਪਾ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ।
ਇਸ ਵੇਲੇ ਪਟਿਆਲਾ ਦੇ ਹਰਚੰਦ ਬਰਸਟ, ਦੇਵ ਮਾਨ ਨਾਭਾ, ਪ੍ਰੀਤੀ ਮਲਹੋਤਰਾ ਪਟਿਆਲਾ ਦਿਹਾਤੀ, ਆਬਜ਼ਰਵਰ ਸਤਬੀਰ ਸਿੰਘ ਬਖਸ਼ੀਵਾਲਾ, ਪ੍ਰਿੰ. ਜੇ.ਪੀ. ਸਿੰਘ, ਮੇਜਰ ਆਰ.ਪੀ.ਐੱਸ. ਮਲਹੋਤਰਾ, ਪ੍ਰਧਾਨ ਚੇਤਨ ਸਿੰਘ ਜੋੜੇ ਮਾਜਰਾ, ਕੁੰਦਨ ਗੋਗੀਆ ਪਟਿਆਲਾ, ਮੇਘ ਚੰਦ ਸ਼ੇਰ ਮਾਜਰਾ, ਜਰਨੈਲ ਸਿੰਘ ਮੰਨੂ ਆਦਿ ਸਣੇ ਹੋਰ ਵੱਡੀ ਗਿਣਤੀ ਆਗੂ ਹਾਜ਼ਰ ਸਨ।