ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਫਰਵਰੀ
ਬਸੰਤ ਪੰਚਮੀ ਦਾ ਸਾਲਾਨਾ ਜੋੜ ਮੇਲ ਇੱਥੇ ਵੱਖ ਵੱਖ ਪੱਧਰ ’ਤੇ ਮਨਾਇਆ ਗਿਆ। ਇਸ ਦੌਰਾਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਲੱਖਾਂ ਸ਼ਰਧਾਲੂ ਨਤਮਸਤਕ ਹੋਏ। ਸੰਗਤ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦਿਆਂ ਆਸਥਾ ਦੀ ਚੁੱਭੀ ਵੀ ਲਾਈ।
ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਵਿਰਕ ਅਤੇ ਮੀਤ ਮੈਨੇਜਰ ਜਰਨੈਲ ਸਿੰਘ ਮਕਰੋੜ ਸਾਹਿਬ ਦੀ ਦੇਖ-ਰੇਖ ਹੇਠਾਂ ਹੋਏ ਇਸ ਸਾਲਾਨਾ ਜੋੜ ਮੇਲ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਢਾਡੀ ਅਤੇ ਕਵੀਸ਼ਰੀ ਜਥਿਆਂ ਸਮੇਤ ਹਜ਼ੂਰੀ ਰਾਗੀ ਭਾਈ ਰਾਜਬੀਰ ਸਿੰਘ ਦੇ ਜਥੇ ਨੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਹੋਏ ਸਮਾਗਮਾਂ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਅੰਤ੍ਰਿੰਗ ਕਮੇਟੀ ਮੈਂਬਰ ਜਸਮੇਰ ਲਾਛੜੂ ਸਮੇਤ ਸਤਵਿੰਦਰ ਟੌਹੜਾ, ਜਰਨੈਲ ਕਰਤਾਰਪੁਰ, ਕੁਲਦੀਪ ਨੱਸੂਪੁਰ ਤੇ ਕੁਲਦੀਪ ਕੌਰ ਟੌਹੜਾ ਆਦਿ ਨੇ ਵੀ ਸ਼ਿਰਕਤ ਕੀਤੀ। ਪ੍ਰੋ. ਬਡੂੰਗਰ ਨੇ ਸਿੱੱਖ ਇਤਿਹਾਸ ਨਾਲ ਸਬੰਧਤ ਕਈ ਹੋਰ ਪੱਖਾਂ ਬਾਰੇ ਵੀ ਚਰਚਾ ਕੀਤੀ। ਇਸੇ ਦੌਰਾਨ ਬਸੰਤ ਪੰਚਮੀ ਦੇ ਮੱਦੇਨਜ਼ਰ ਕਵੀ ਦਰਬਾਰ ਵੀ ਹੋਇਆ ਜਿਸ ਦੌਰਾਨ ਪੰਜਾਬ ਭਰ ਤੋਂ ਆਏ ਕਵੀਆਂ ਨੇ ਆਪੋ-ਆਪਣੇ ਅੰਦਾਜ਼ ’ਚ ਇਤਿਹਾਸਕ ਵਾਰਾਂ, ਕਵਿਤਾਵਾਂ ਅਤੇ ਗੁਰੂ ਸਾਹਿਬਾਨ ਦੀ ਉਸਤਤ ਕਰਕੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ।
ਸੁਰੱਖਿਆ ਪ੍ਰਬੰਧਾਂ ਵਜੋਂ ਐਤਕੀ ਇੱਥੇ ਲੋੜੀਂਦੀ ਪੁਲੀਸ ਫੋਰਸ ਦੀ ਤਾਇਨਾਤੀ ਕੀਤੀ ਗਈ ਪਰ ਪੁਲੀਸ ਅਤੇ ਗੁਰਦੁਆਰਾ ਮੁਲਾਜ਼ਮਾਂ ਸਮੇਤ ਅਨੇਕਾਂ ਹੀ ਕੈਮਰੇ ਹੋਣ ਦੇ ਬਾਵਜੂਦ ਐਤਕੀ ਫੇਰ ਜੇਬ ਕਤਰੇ ਸਰਗਰਮ ਰਹੇ। ਜਿਨ੍ਹਾਂ ਨੇ ਦਰਜਨਾ ਹੀ ਸ਼ਰਧਾਲੂਆਂ ਦੀਆਂ ਜੇਬਾਂ ਸਾਫ਼ ਕੀਤੀਆਂ। ਚੋਰਾਂ ਵੱਲੋਂ ਪੈਸੇ ਕੱਢਣ ਮਗਰੋਂ ਸੁੱਟੇ ਗਏ ਬਟੂਏ/ਪਰਸ ਸ਼ਰਧਾਲੂਆਂ ਨੂੰ ਲੱਭਣ ’ਤੇ ਉਨ੍ਹਾਂ ਨੇ ਗੁਰਦਵਾਰਾ ਪ੍ਰਬੰਧਕਾਂ ਨੂੰ ਸੌਂਪ ਦਿੱਤੇ। ਕਈਆਂ ਦੀਆਂ ਜੁੱਤੀਆਂ ਤੇ ਕਈਆਂ ਦੇ ਸਕੂਟਰ ਮੋਟਰਸਾਈਕਲ ਚੋਰੀ ਹੋਣ ਦੀਆਂ ਖਬਰਾਂ ਵੀ ਹਨ। ਇੱਕ ਪਾਰਕਿੰਗ ’ਚ ਡਿਊਟੀ ਨਿਭਾਅ ਰਹੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਪਰਮਜੀਤ ਸਿੰਘ ਪੰਮਾਂ ਪਨੌਦੀਆਂ ਦਾ ਕਹਿਣਾ ਸੀ ਕਿ ਮੈਨੇਜਰ ਕਰਨੈਲ ਵਿਰਕ ਦੀ ਅਗਵਾਈ ਹੇਠਾਂ ਵਾਹਨਾਂ ਲਈ ਇੱਥੇ ਪਾਰਕਿੰਗ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਕਿਸੇ ਵੀ ਪਾਰਕਿੰਗ ਵਿੱਚੋਂ ਕੋਈ ਵੀ ਵਾਹਨ ਗੁੰਮ/ਚੋਰੀ ਨਹੀਂ ਹੋਇਆ।