ਪੱਤਰ ਪ੍ਰੇਰਕ
ਪਾਤੜਾਂ, 9 ਅਗਸਤ
ਇੱਥੇ ਥਾਣਾ ਪਾਤੜਾਂ ਵਿੱਚ ਪੰਚਾਇਤ ਨਾਲ ਸਮਝੌਤਾ ਕਰਵਾਉਣ ਆਏ ਇੱਕ ਨੌਜਵਾਨ ਨੂੰ ਪੁਲੀਸ ਅਧਿਕਾਰੀ ਵੱਲੋਂ ਬੇਇੱਜ਼ਤ ਕਰਕੇ ਪੰਚਾਇਤਾ ’ਚੋਂ ਉਠਾਉਣ ਮਗਰੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਨੇ ਉਕਤ ਘਟਨਾ ਬਾਅਦ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਤੇ ਉਹ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦਤਾਲ ਵਾਸੀਆਂ ਅਤੇ ਕਾਂਗਰਸ ਦੇ ਵਰਕਰਾਂ ਨੇ ਅੱਜ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਦੀ ਅਗਵਾਈ ਹੇਠ ਮਾਮਲਾ ਡੀਐੱਸਪੀ ਪਾਤੜਾਂ ਅਤੇ ਐੱਸਐੱਸਪੀ ਪਟਿਆਲਾ ਤੇ ਧਿਆਨ ਵਿੱਚ ਲਿਆ ਕੇ ਇਨਸਾਫ਼ ਦੀ ਮੰਗ ਕੀਤੀ। ਇਸ ਦੌਰਾਨ ਦਰਬਾਰਾ ਸਿੰਘ ਬਣਵਾਲਾ ਤੇ ਸਾਹਿਬ ਸਿੰਘ ਦੁਤਾਲ ਨੇ ਥਾਣੇ ਦੇ ਇੰਚਾਰਜ ਯਸ਼ਪਾਲ ਸ਼ਰਮਾ ’ਤੇ ਸਿਕੰਦਰ ਸਿੰਘ ਨੂੰ ਪੰਚਾਇਤ ਵਿੱਚ ਗਾਲੀ ਗਲੋਚ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ। ਇਸ ਮੌਕੇ ਸਾਹਿਬ ਸਤਨਾਮ ਸਿੰਘ, ਕੁਲਦੀਪ ਸਿੰਘ, ਮੋਹਰ ਸਿੰਘ ਫੌਜੀ, ਨਿਰਮਲ ਸਿੰਘ ਪੰਨੂ, ਪਵਨ ਪਟਵਾਰੀ, ਆਸ਼ੂ ਪਟਵਾਰੀ, ਕੁਲਵੰਤ ਰਾਏ ਸ਼ਰਮਾ, ਸੇਵਾ ਸਿੰਘ ਨੰਬਰਦਾਰ ਤੇ ਰਣਜੀਤ ਸਿੰਘ ਮਤੋਲੀ ਆਦਿ ਹਾਜ਼ਰ ਸਨ। ਥਾਣਾ ਪਾਤੜਾਂ ਦੇ ਇੰਚਰਜ ਯਸ਼ਪਾਲ ਸ਼ਰਮਾ ਨੇ ਕਿਹਾ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਡੀਐੱਸਪੀ ਦਲਜੀਤ ਸਿੰਘ ਵਿਰਕ ਨੇ ਕਿਹਾ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।