ਨਿੱਜੀ ਪੱਤਰ ਪ੍ਰੇਰਕ
ਸਮਾਣਾ, 13 ਜਨਵਰੀ
ਸਮਾਣਾ ਚ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਚੋਣ ਜ਼ਾਬਤੇ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪਾਰਟੀ ਵੱਲੋਂ ਇਸ਼ਤਿਹਾਰਬਾਜ਼ੀ ਕਰਦੇ ਸਮੇਂ ਜਿੱਥੇ ਸ਼ਹਿਰ ਦੋ ਮੁੱਖ ਬਾਜ਼ਾਰਾਂ ’ਚ ਆਪਣੇ ਵੱਡੇ ਵੱਡੇ ਇਸ਼ਤਿਹਾਰੀ ਫਲੈਕਸ ਲਗਾਏ ਗਏ ਹਨ ਉੱਥੇ ਹੀ ਉਨ੍ਹਾਂ ਨਗਰ ਕੌਂਸਲ ਦਫ਼ਤਰ ’ਚ ਵੀ ਆਪਣਾ ਵੱਡਾ ਫਲੈਕਸ ਲਗਾਇਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਜਿਹੜੀ ਨਗਰ ਕੌਂਸਲ ਪੂਰੇ ਸ਼ਹਿਰ ’ਚੋਂ ਸਾਰੀਆਂ ਰਾਜਸੀ ਪਾਰਟੀਆਂ ਦੇ ਫਲੈਕਸ, ਪੋਸਟਰ, ਬੈਨਰ ਆਦਿ ਉਤਾਰ ਰਹੀ ਹੈ ਉੱਥੇ ਸੱਤਾਧਾਰੀ ਪਾਰਟੀ ਕਾਂਗਰਸ ਵੱਲੋਂ ਉਨ੍ਹਾਂ ਦੇ ਦਫ਼ਤਰ ਵਿੱਚ ਮੁੱਖ ਗੇਟ ’ਤੇ ਆਪਣਾ ਵੱਡਾ ਫਲੈਕਸ ਲਾਇਆ ਗਿਆ ਹੈ ਜੋ ਨਗਰ ਕੌਂਸਲ ਆਉਣ ਜਾਣ ਵਾਲੇ ਨਾਲ ਉਥੋਂ ਗੁਜਰਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਿਹਾ ਹੈ ਪਰ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਨੂੰ ਚਾਹੇ ਸੱਤਾਧਾਰੀ ਪਾਰਟੀ ਦਾ ਨਗਰ ਕੌਂਸਲ ਅਧਿਕਾਰੀਆਂ ਤੇ ਪ੍ਰਭਾਵ ਕਹਿ ਲਓ ਜਾ ਫ਼ਿਰ ਨਗਰ ਕੌਂਸਲ ਅਧਿਕਾਰੀਆਂ ਦੀ ਲਾਪ੍ਰਵਾਹੀ ਕਿ ਚੋਣ ਜ਼ਾਬਤਾ ਲੱਗੇ ਨੂੰ 5 ਦਿਨ ਬੀਤ ਜਾਣ ਦੇ ਬਾਜਵੂਦ ਇਹ ਫਲੈਕ ਇੰਜ ਹੀ ਲੱਗਾ ਹੋਇਆ ਹੈ। ਇਸ ਬਾਰੇ ਨਗਰ ਕੌਂਸਲ ਦੇ ਈਓ ਮੁਕੇਸ਼ ਸਿੰਗਲਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਪਰ ਉਹ ਇਸ ਨੂੰ ਹੁਣੇ ਉਤਰਵਾ ਰਹੇ ਹਨ। ਇਸ ਬਾਰੇ ਸਮਾਣਾ ਦੇ ਚੋਣ ਅਧਿਕਾਰੀ ਕਮ ਐੱਸਡੀਐੱਮ ਟੀ ਬੈਨੀਥ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।