ਬੀਰਬਲ ਰਿਸ਼ੀ
ਸ਼ੇਰਪੁਰ, 23 ਜਨਵਰੀ
ਮੁੱਖ ਮੰਤਰੀ ਦੇ ਅਹੁਦੇ ਲਈ ਚੋਣ ਲੜ ਰਹੇ ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਨ ਤੋਂ ਪਹਿਲਾਂ ਪੁਰਾਤਨ ਸ਼ਿਵ ਮੰਦਰ ਰਣੀਕੇ ਅਤੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਵਿਖੇ ਮੱਥਾ ਟੇਕਿਆ ਜਿੱਥੇ ਆਪਣੀ ਤੇ ਆਪਣੀ ਪਾਰਟੀ ਦੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੀ ਅਰਜ਼ੋਈ ਕੀਤੀ।
ਭਗਵੰਤ ਮਾਨ ਪਹਿਲਾਂ ਸ਼ਿਵ ਮੰਦਰ ਰਣੀਕੇ ਪਹੁੰਚੇ ਜਿਸ ਤੋਂ ਬਾਅਦ ਤਿੰਨ ਕਿੱਲੋਮੀਟਰ ’ਤੇ ਸਥਿਤ ਨੌਵੇਂ ਤੇ ਦਸਵੇਂ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਮੂਲੋਵਾਲ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕਰਵਾਈ। ਹਲਕੇ ਵਿੱਚ ਪ੍ਰਵੇਸ਼ ਕਰਨ ਦਾ ਪਤਾ ਲੱਗਦਿਆਂ ਹੀ ਲੋਕਾਂ ਨੇ ਭਗਵੰਤ ਮਾਨ ਨੂੰ ਲੋਕਾਂ ਨੇ ਹੱਥਾਂ ’ਤੇ ਚੁੱਕ ਲਿਆ ਅਤੇ ਰਸਤਿਆਂ ਵਿੱਖ ਖੜ੍ਹੇ ਉਡੀਕਦੇ ਲੋਕਾਂ ਨੇ ਸ੍ਰੀ ਮਾਨ ’ਤੇ ਫੁੱਲਾਂ ਦੀ ਵਰਖਾ ਕੀਤੀ। ਮੂਲੋਵਾਲ ਤੇ ਰਣੀਕੇ ਵਿੱਚ ਆਲੇ-ਦੁਆਲੇ ਪਿੰਡਾਂ ਤੋਂ ਇਕੱਤਰ ਸੈਂਕੜੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਕਬੂਲਦਿਆਂ ਭਗਵੰਤ ਮਾਨ ਧੂਰੀ ਵੱਲ ਰਵਾਨਾ ਹੋ ਗਏ।
ਧੂਰੀ (ਪਵਨ ਕੁਮਾਰ ਵਰਮਾ): ਧੂਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਅੱਜ ਰੋਡ ਸ਼ੋਅ ਮਗਰੋਂ ਪੁਰਾਣੀ ਅਨਾਜ ਮੰਡੀ ਧੂਰੀ ਵਿੱਚ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ। ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਧੂਰੀ ਹਲਕੇ ਨੂੰ ਜ਼ਿਲ੍ਹਾ ਸੰਗਰੂਰ ’ਚ ਨੰਬਰ ਇਕ ’ਤੇ ਲਿਆਉਣ ਦਾ ਪ੍ਰਣ ਲੈਂਦੇ ਹਨ। ਸਿਹਤ ਸਿੱਖਿਆ ਤੇ ਰੁਜ਼ਗਾਰ ਉਨ੍ਹਾਂ ਦੀਆਂ ਪ੍ਰਮੁੱਖਤਾਵਾਂ ਹੋਣਗੀਆਂ। ਉਹ ਰੁਜ਼ਗਾਰ ਪੈਦਾ ਕਰਨ ਅਤੇ ਸਿਹਤ ਤੇ ਸਿੱਖਿਆ ਖੇਤਰਾਂ ਨੂੰ ਮਜ਼ਬੂਤ ਕਰਨ ’ਤੇ ਜ਼ਿਆਦਾ ਜ਼ੋਰ ਦੇਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੋ ਗਾਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।
ਮਾਨ ਦੀਆਂ ਸਿਆਸੀ ਗੋਡਣੀਆਂ ਲਵਾ ਦੇਵਾਂਗਾ: ਗੋਲਡੀ
ਸ਼ੇਰਪੁਰ (ਪੱਤਰ ਪ੍ਰੇਰਕ): ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਹਲਕਾ ਧੂਰੀ ਤੋਂ ਆਪਣੇ ਵਿਰੋਧੀ ਉਮੀਦਵਾਰ ਤੇ ‘ਆਪ’ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੂੰ ਹਲਕੇ ’ਚ ਹੋਏ ਕੰਮਾਂ ਸਬੰਧੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਲਈ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਚੁਣੌਤੀ ਦਿੱਤੀ ਹੈ। ਵਿਧਾਇਕ ਗੋਲਡੀ ਨੇ ਕਿਹਾ ਕਿ ਉਹ ਜਦੋਂ ਮਰਜ਼ੀ ਹਲਕੇ ਦੇ 74 ਪਿੰਡਾਂ ਵਿੱਚੋਂ ਜਿਹੜਾ ਮਰਜ਼ੀ ਪਿੰਡ ਚੁਣ ਲਵੇ ਅਤੇ ਉਹ ਦੋਵੇਂ ਲੋਕ ਕਚਿਹਰੀ ਵਿੱਚ ਆਹਮੋ-ਸਾਹਮਣੇ ਬੈਠਣਗੇ ਜਿੱਥੇ ਉਹ ਲੋਕਾਂ ਸਾਹਮਣੇ ਆਪਣੇ-ਆਪਣੇ ਕੰਮ ਗਿਣਾ ਦੇਣਗੇ। ਉਨ੍ਹਾਂ ਦੁਹਰਾਇਆ ਕਿ ਉਹ ਉਸ ਦੀਆਂ ਸਿਆਸੀ ਗੋਡਣੀਆਂ ਲਗਵਾ ਦੇਣਗੇ। ਇਸੇ ਦੌਰਾਨ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਸਰਪੰਚ ਬਹਾਦਰ ਸਿੰਘ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਵੀ ਹਲਕੇ ਦੇ ਵੱਡੇ ਪਿੰਡ ਘਨੌਰੀ ਕਲਾਂ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਿੱਥੇ ਕੁਝ ਲੋਕਾਂ ਨੇ ਆਪਣੇ ਸ਼ੰਕੇ ਨਿਵਾਰਨ ਲਈ ਸੁਆਲ ਵੀ ਕੀਤੇ।
‘ਆਪ’ ਉਮੀਦਵਾਰ ਨਰਿੰਦਰ ਕੌਰ ਭਰਾਜ ਵੱਲੋਂ ਚੋਣ ਰੈਲੀ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਆਮ ਆਦਮੀ ਪਾਰਟੀ ਦੀ ਹਲਕਾ ਸੰਗਰੂਰ ਤੋਂ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਨੇੜਲੇ ਪਿੰਡ ਬਾਲਦ ਕਲਾਂ ਵਿੱਚ ਭਰਵੀਂ ਰੈਲੀ ਕੀਤੀ। ਨਰਿੰਦਰ ਕੌਰ ਭਰਾਜ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ਹਲਕੇ ਵਿੱਚ ਆਮ ਕਿਸਾਨ ਦੀ ਧੀ ਦੀ ਧਨਾਢ ਉਮੀਦਵਾਰਾਂ ਨਾਲ ਲੜਾਈ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਧੱਕੇ ਤੇ ਬੇਇਨਸਾਫੀ ਖਿਲਾਫ ਲੜਦੀ ਰਹੀ ਹੈ ਅਤੇ ਇਹ ਲੜਾਈ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਉਸ ਦੀ ਤਾਕਤ ਸਿਰਫ ਤੇ ਸਿਰਫ ਜਨਤਾ ਹੈ,ਜੋ ਕਿ ਹਰ ਪਿੰਡ ਵਿੱਚ ਉਸ ਨੂੰ ਭਰਪੂਰ ਸਹਿਯੋਗ ਦੇ ਰਹੀ ਹੈ।