ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਅਪਰੈਲ
ਨੇੜਲੇ ਪਿੰਡ ਦੌਣਕਲਾਂ ਦੇ ਢੀਂਡਸਾ ਸਪੋਰਟਸ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਭਿੰਦਾ ਦੀ ਹੱਤਿਆ ਦੇ ਚਰਚਿਤ ਮਾਮਲੇ ਵਿੱਚ ਲੋੜੀਂਦੇ ਅੱਠ ਵਿੱਚੋਂ ਚਾਰ ਮੁਲਜ਼ਮ ਅੱਜ ਤਿੰਨ ਪਿਸਤੌਲਾਂ ਸਮੇਤ ਕਾਬੂ ਕਰ ਲਏ ਗਏ ਹਨ। ਤਿੰਨ ਪਨਾਹਗੀਰ ਵੀ ਪੁਲੀਸ ਦੇ ਹੱਥੇ ਚੜ੍ਹੇ ਹਨ। ਉਂਜ ਮੁੱਖ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਹ ਘਟਨਾ 5 ਅਪਰੈਲ ਦੀ ਅੱਧੀ ਰਾਤ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਪਰੀ ਸੀ। ਅਸਲ ’ਚ ਇਹ ਸਾਰੇ ਦੋਸਤ ਸਨ ਤੇ ਭਿੰਦਾ ਮੋਢੀ ਮੰਨਿਆ ਜਾਂਦਾ ਸੀ। ਫੇਰ ਹੌਲ਼ੀ ਹੌਲ਼ੀ ਪਣਪੀ ਫਿੱਕ ਹੀ ਕਤਲ ਦੀ ਮੁੱਖ ਵਜ੍ਹਾ ਰਹੀ। ਉਸ ਰਾਤ ਭਿੰਦਾ ਜਦੋਂ ਇੱਕ ਸਾਥੀ ਨੂੰ ਬਚਾਉਣ ਆਇਆ, ਤਾਂ ਵਧੇ ਤਕਰਾਰ ਦੌਰਾਨ ਚੱਲੀਆਂ ਗੋਲ਼ੀਆਂ ਨੇ ਭਿੰਦੇ ਦੀ ਜਾਨ ਲੈ ਲਈ।
ਰੋਜ਼ਾਨਾ ਜਿੰਮ ਜਾ ਕੇ ਕਸਰਤ ਕਰਨ ਕਰਕੇ ਭਿੰਦੇ ਵੱਲੋਂ ਬਣਾਈ ਗਈ ਚੰਗੀ ਡੀਲ਼ ਡੌਲ਼ ਨੂੰ ਉਹ ਸੋਸ਼ਲ ਮੀਡੀਆ ’ਤੇ ਵੀ ਪ੍ਰਦਰਸ਼ਤ ਕਰਦਾ ਸੀ। ਭਾਵੇਂ ਇਹ ਗੈਂਗਸਟਰਾਂ ਦਾ ਗਰੁੱਪ ਤਾਂ ਨਹੀਂ ਸੀ, ਪਰ ਵਧੇਰੇ ਧਾਕ ਜਮਾਉਣ ਤੋਂ ਪਹਿਲਾਂ ਹੀ ਬਿਖਰ ਗਿਆ। ਸ਼ੁਰੂ ’ਚ ਹਰਵੀਰ ਸਿੰਘ ਅਤੇ ਤੇਜਿੰਦਰ ਫੌਜੀ ਵਾਸੀਆਨ ਦੌਣਕਲਾਂ ਅਤੇ ਬੋਨੀ ਤੇ ਹਰਮਨ ਵਾਸੀਆਨ ਸਾਹਿਬ ਨਗਰ ਥੇੜ੍ਹੀ ਸਮੇਤ ਕੁਝ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਭਿੰਦਾ ਅਕਾਲੀ ਪਿਛੋਕੜ ਵਾਲ਼ਾ ਨੌਜਵਾਨ ਸੀ। ਭਾਵੇਂ ਕਾਂਗਰਸ ਨਾਲ ਵੀ ਸਬੰਧ ਸਨ। ਪਰ ਤਾਜ਼ਾ ਚੋਣਾਂ ਤੋਂ ਪਹਿਲਾਂ ਉਹ ‘ਆਪ’ ’ਚ ਸ਼ਾਮਲ ਹੋ ਗਿਆ ਸੀ। ਤਿੰਨਾਂ ਪਾਰਟੀਆਂ ਦੇ ਆਗੂ ਵੀ ਦੁੱਖ ਜ਼ਾਹਿਰ ਕਰਨ ਘਰ ਆ ਚੁੱਕੇ ਹਨ। ਕੱਲ੍ਹ ਨਵਜੋਤ ਸਿੱਧੂ ਨੇ ਤਾਂ ਤਿੰਨ ਦਿਨਾਂ ’ਚ ਕਾਤਲ ਨਾ ਫੜੇ ਜਾਣ ’ਤੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਸੀ। ਪਰ ਪੁਲੀਸ ਪਹਿਲੇ ਦਿਨ ਤੋਂ ਹੀ ਪੈੜ ਨੱਪ ਰਹੀ ਸੀ ਜਿਸ ਦੇ ਚੱਲਦਿਆਂ ਹੀ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ, ਅਰਬਨ ਅਸਟੇਟ ਥਾਣੇ ਦੇ ਮੁਖੀ ਅੰਮ੍ਰਿਤਵੀਰ ਸਿੰਘ ਤੇ ਹੋਰਾਂ ਨੇ ਐਸਪੀ ਸਿਟੀ ਹਰਪਾਲ ਸਿੰਘ ਦੀ ਨਿਗਰਾਨੀ ਹੇਠ ਚਲਾਈ ਮੁਹਿੰਮ ਦੌਰਾਨ ਅੱਜ ਸੱਤ ਜਣੇ ਗ੍ਰਿਫਤਾਰ ਕਰ ਲਏ। ਐੱਸਐੱਸਪੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਵਿੱਚ ਨਵੀ ਸ਼ਰਮਾ ਅਤੇ ਵਰਿੰਦਰ ਬਾਵਾ, ਪ੍ਰਿਤਪਾਲ ਪ੍ਰੀਤਅਤੇ ਬਹਾਦਰ ਸਿੰਘ ਲੱਖੀ ਦੇ ਨਾਂ ਸ਼ਾਮਲ ਹਨ। ਪਨਾਹ ਦੇਣ ਲਈ ਤਰਸੇਮ ਲਾਲ ਸੋਨੀ ਵਾਸੀ ਸਨੇਟਾ, ਸਤਵਿੰਦਰ ਬੌਬੀ ਵਾਸੀ ਬਨੂੜ ਅਤੇ ਗੁਰਲਾਲ ਲਾਡੀ ਵਾਸੀ ਬਹਾਦਰਗੜ੍ਹ ਨੂੰ ਫੜਿਆ ਗਿਆ ਹੈ। ਪੁਲੀਸ ਮੁਖੀ ਅਨੁਸਰ ਜਾਂਚ ਦੌਰਾਨ ਅੱਠ ਜਣਿਆਂ ਦੀ ਸ਼ਮੂਲੀਅਤ ਪਾਈ ਗਈ ਸੀ।