ਗੁਰਨਾਮ ਸਿੰਘ ਚੌਹਾਨ
ਪਾਤੜਾਂ, 19 ਫ਼ਰਵਰੀ
ਇਥੇ ਅੱਜ ਅਕਾਲੀ ਬਸਪਾ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਉਨ੍ਹਾਂ ਸ਼ਹਿਰ ਦੀ ਮੁੱਖ ਮੰਗ ਟਰੌਮਾ ਸੈਂਟਰ ਨੂੰ ਆਪਣੀਆਂ ਉਨ੍ਹਾਂ ਦਸ ਸਮੱਸਿਆਵਾਂ ਵਿੱਚ ਸ਼ਾਮਲ ਕੀਤਾ ਹੈ, ਜੋ ਚੋਣ ਜਿੱਤਣ ਤੋਂ ਬਾਅਦ ਪਹਿਲ ਦੇ ਆਧਾਰ ’ਤੇ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਹਲਕੇ ਦੇ ਲੋਕਾਂ ਨੂੰ ਸਿਹਤ ਸਬੰਧੀ ਗੰਭੀਰ ਸਥਿਤੀ ਹੋਣ ਤੇ ਇਲਾਜ ਲਈ 70 ਕਿਲੋਮੀਟਰ ਦੂਰ ਪਟਿਆਲਾ/ਸੰਗਰੂਰ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਸ਼ਹਿਰ ਵਿਚ ਟਰੋਮਾ ਸੈਂਟਰ ਬਣਾਏ ਜਾਣ ਦਾ ਮੁੱਦਾ ਆਪਣੇ ਚੋਣ ਏਜੰਡੇ ਵਿੱਚ ਲਿਆ ਸੀ ਅਤੇ ਇਸ ਦਾ ਖੂਬ ਪ੍ਰਚਾਰ ਕੀਤਾ ਸੀ। ਪੰਜ ਸਾਲਾਂ ਵਿਚ ਟਰੌਮਾ ਸੈਂਟਰ ਬਣਾਉਣ ਦਾ ਵਾਅਦਾ ਪੂਰਾ ਨਾ ਕੀਤੇ ਜਾਣ ਕਰਕੇ ਲੋਕ ਨਿਰਾਸ਼ ਹਨ। ਅਕਾਲੀ ਬਸਪਾ ਦੇ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਬਣਨ ’ਤੇ ਐਮਰਜੈਂਸੀ ਹਾਲਾਤਾਂ ਵਿੱਚ ਸ਼ਹਿਰ ਵਾਸੀਆਂ ਨੂੰ 70 ਕਿਲੋਮੀਟਰ ਦੂਰ ਇਲਾਜ ਕਰਵਾਉਣ ਲਈ ਜਾਣ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ।