ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਸਤੰਬਰ
ਪਿੰਡ ਸ਼ੁਤਰਾਣਾ ਦੇ ਡੇਰਾ ਗੋਬਿੰਦਪੁਰਾ ’ਚ ਕੁਝ ਦਿਨ ਪਹਿਲਾਂ ਦੋ ਗ੍ਰੰਥੀ ਸਿੰਘਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਤਾਂਤਰਿਕ ਦੇ ਪਾਖੰਡਵਾਦ ਉਪਰੰਤ ਘਰ ਵਿੱਚ ਸ਼ੁਸ਼ੋਭਿਤ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਨਾਲੀ ਵਿੱਚ ਸੁਟਵਾ ਕੇ ਬੇਅਦਬੀ ਕੀਤੀ ਗਈ ਸੀ। ਅੱਜ ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਬੀਬੀ ਲੂੰਬਾ ਨੇ ਕਿਹਾ ਹੈ ਕਿ ਗੋਬਿੰਦਪੁਰਾ (ਸ਼ੁਤਰਾਣਾ) ਦੇ ਵਸਨੀਕ ਗ੍ਰੰਥੀ ਅਮਰੀਕ ਸਿੰਘ ਤੇ ਗੁਰਧਿਆਨ ਸਿੰਘ ਗੁਰਦੁਆਰਾ ਸਾਹਿਬ ਵਿੱਚ ਸੇਵਾਵਾਂ ਨਿਭਾ ਰਹੇ ਹਨ। ਇੱਕ ਗ੍ਰੰਥੀ ਤੇ ਉਸਦੇ ਪਰਿਵਾਰ ਵਲੋਂ ਤਾਂਤਰਿਕ ਦੇ ਇਸ਼ਾਰੇ ’ਤੇ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਕੀਤੀ ਜਾਵੇ। ਉਨ੍ਹਾਂ ਕਿਹਾ ਹੈ ਕਿ ਜਦੋਂ ਅਕਾਸ਼ਦੀਪ ਸਿੰਘ ਨੇ ਗੁਟਕਾ ਸਾਹਿਬ ਨੂੰ ਆਦਰ ਸਾਹਿਤ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਧਿਆਨ ਸਿੰਘ ਨੂੰ ਸੌਂਪਿਆ ਤਾਂ ਉਸ ਨੇ ਗੁਟਕਾ ਸਾਹਿਬ ਨੂੰ ਸੰਭਾਲਣ ਤੋਂ ਇਨਕਾਰ ਕਰਕੇ ਚੰਗਾ ਨਹੀਂ ਕੀਤਾ।