ਪੱਤਰ ਪ੍ਰੇਰਕ
ਪਟਿਆਲਾ, 11 ਸਤੰਬਰ
ਜ਼ਿਲ੍ਹਾ ਪਟਿਆਲਾ ਵਿੱਚ ਅੱਜ ਬਲਾਕ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਖੇਡਾਂ ਦੀ ਸਮਾਪਤੀ ਸਮਾਰੋਹ ਵਿੱਚ ਪੁੱਜੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ’ਚ ਖੇਡ ਸਭਿਆਚਾਰ ਵਿਕਸਤ ਕੀਤਾ ਹੈ। ਖੇਡਾਂ ’ਚ ਲੜਕੀਆਂ ਦੀ ਵੱਡੀ ਗਿਣਤੀ ’ਚ ਭਾਗੀਦਾਰੀ ਬਣ ਰਹੇ ‘ਰੰਗਲੇ ਪੰਜਾਬ’ ਦੀ ਨਿਸ਼ਾਨੀ ਹੈ। ਇਸ ਮੌਕੇ ਹਰਮਿੰਦਰ ਸਿੰਘ ਮਿੰਟੂ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ ਅਤੇ ਐੱਸਡੀਐੱਮ ਰੀਚਾ ਗੋਇਲ ਵੀ ਮੌਜੂਦ ਸਨ।
ਬਲਾਕ ਪੱਧਰੀ ਖੇਡਾਂ ਦੇ ਆਖ਼ਰੀ ਦਿਨ ਬਲਾਕ ਨਾਭਾ ਦੇ ਟੂਰਨਾਮੈਂਟ ’ਚ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਜਸਬੀਰ ਸਿੰਘ ਜੱਸੀ ਸੋਹੀਆ ਵਾਲਾ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਮੁਕਾਬਲਿਆਂ ਸਬੰਧੀ ਦੱਸਿਆ ਕਿ ਵੱਖ-ਵੱਖ ਛੇ ਬਲਾਕਾਂ ਵਿੱਚ ਬਲਾਕ ਸਨੌਰ, ਘਨੌਰ, ਨਾਭਾ, ਭੁਨਰਹੇੜੀ, ਰਾਜਪੁਰਾ ਅਤੇ ਸਮਾਣਾ ਵਿੱਚ 9 ਤੋਂ 11 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਹਨ। ਆਖ਼ਰੀ ਦਿਨ ਦੇ ਫਾਈਨਲ ਖੇਡ ਮੁਕਾਬਲਿਆਂ ਦੇ ਬਲਾਕ ਸਨੌਰ ਫੁੱਟਬਾਲ (ਲੜਕੇ) ਅੰਡਰ-17 ਸਾਲ ਉਮਰ ਵਰਗ ਵਿੱਚ ਬਹਾਦਰਗੜ੍ਹ ਏ ਸੈਂਟਰ ਪਹਿਲੇ ਸਥਾਨ ਤੇ ਰਿਹਾ ਤੇ ਬਹਾਦਰਗੜ੍ਹ ਸੈਂਟਰ-ਬੀ ਦੂਸਰੇ ਸਥਾਨ ’ਤੇ ਰਿਹਾ। ਬਲਾਕ ਘਨੌਰ ਦੇ ਕਬੱਡੀ (ਸਰਕਲ ਸਟਾਈਲ) ਅੰਡਰ-17 ਉਮਰ ਵਰਗ ਟੀਮ (ਲੜਕੇ) ਦੇ ਫਾਈਨਲ ਮੁਕਾਬਲਿਆਂ ਵਿੱਚ ਕਾਮੀ ਕਲਾਂ ਦੀ ਟੀਮ ਨੇ ਮੰਡੋਲੀ ਦੀ ਟੀਮ ਨੂੰ 48-41 ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਬਲਾਕ ਸਮਾਣਾ ਅਥਲੈਟਿਕਸ ਸ਼ਾਟਪੁੱਟ ਅੰਡਰ-14 ਲੜਕਿਆਂ ਵਿੱਚ ਵੰਸ਼ਪ੍ਰੀਤ ਸਿੰਘ ਫ਼ਤਿਹਪੁਰ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਜਾ ਤੇ ਅਨਮੋਲਦੀਪ ਸਿੰਘ ਐਸ.ਬੀ.ਐਸ ਅਕੈਡਮੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਵਿੱਚ ਮਨਿੰਦਰ ਸਿੰਘ, ਬੀਬੀਪੁਰ ਨੇ ਪਹਿਲਾ ਹਰਮਨਪ੍ਰੀਤ ਸਿੰਘ ਕੁਲਬੁਰਛਾ ਨੇ ਦੂਜਾ ਅਤੇ ਪ੍ਰਭਜੋਤ ਸਿੰਘ ਟੋਡਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਬਲਾਕ ਪੱਧਰੀ ਖੇਡਾਂ ਅੱਜ ਸਮਾਪਤ ਹੋ ਗਈਆਂ ਹਨ। ਅੱਜ ਅਖੀਰਲੇ ਦਿਨ ਜ਼ਿਲ੍ਹਾ ਸੰਗਰੂਰ ਦੇ ਬਲਾਕ ਧੂਰੀ, ਸ਼ੇਰਪੁਰ ਅਤੇ ਸੰਗਰੂਰ ਵਿੱਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਜਿਸ ’ਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਹੁਣ ਜ਼ਿਲ੍ਹਾ ਪੱਧਰੀ ਮੁਕਾਬਲੇ 16 ਸਤੰਬਰ ਤੋਂ ਆਰੰਭ ਹੋਣਗੇ। ਉਨ੍ਹਾਂ ਅੱਜ ਦੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਗਰੂਰ ਦੇ ਅਕਾਲ ਡਿਗਰੀ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਹੋਏ ਕਬੱਡੀ ਨੈਸ਼ਨਲ ਸਟਾਇਲ ਅੰਡਰ-21 (ਲੜਕੇ) ਦੇ ਮੈਚ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੰਗਰੂਰ ਦੀ ਟੀਮ ਨੇ ਪਹਿਲਾ, ਅਕਾਲ ਡਿਗਰੀ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੀ ਟੀਮ ਨੇ ਦੂਸਰਾ ਅਤੇ ਪਿੰਡ ਚੰਗਾਲ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਐਥਲੈਟਿਕਸ ਉਮਰ ਵਰਗ 41-50 (ਪੁਰਸ਼) ਲੰਬੀ ਛਾਲ ਵਿੱਚ ਸੁਖਦੇਵ ਸਿੰਘ, ਹੀਰਾ ਸਿੰਘ ਅਤੇ ਚਮਕੌਰ ਸਿੰਘ, ਉਮਰ ਵਰਗ 51-60 (ਔਰਤਾਂ) 3 ਕਿਲੋਮੀਟਰ ਪੈਦਲ ਦੌੜ ਵਿੱਚ ਪਵਿੱਤਰ ਕੌਰ ਉਮਰ ਵਰਗ 51-60 (ਔਰਤਾਂ) ਸ਼ਾਟ-ਪੁੱਟ ਵਿੱਚ ਹਰਕੀਰਤ ਕੌਰ, ਪਵਿੱਤਰ ਕੌਰ ਅਤੇ ਅੰਮ੍ਰਿਤਪਾਲ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।