ਖੇਤਰੀ ਪ੍ਰਤੀਨਿਧ
ਪਟਿਆਲਾ, 5 ਨਵੰਬਰ
ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਅਤੇ ਥੈਲੇਸੀਮਕ ਬੱਚਿਆਂ ਲਈ ਯੂਨੀਵਰਸਲ ਵੈੱਲਫੇਅਰ ਕਲੱਬ ਪੰਜਾਬ ਵੱਲੋਂ ‘ਮਿਸ਼ਨ ਲਾਲੀ ਤੇ ਹਰਿਆਲੀ’ ਤਹਿਤ ਰੈਗੂਲਰ ਖ਼ੂਨਦਾਨ ਕੈਂਪ ਲਗਾਇਆ, ਜਿਸਦਾ ਉਦਘਾਟਨ ਹਾਲ ਹੀ ’ਚ ਸੇਵਾਮੁਕਤ ਹੋਏ ਡੀਐੱਸਪੀ ਨਾਹਰ ਸਿੰਘ ਮਾਜਰੀ ਨੇ 54ਵੀਂ ਵਾਰ ਖ਼ੂਨਦਾਨ ਕਰ ਕੇ ਕੀਤਾ।
ਇਸ ਕੈਂਪ ਦੇ ਮੁੱਖ ਪ੍ਰਬੰਧਕ ਹਰਦੀਪ ਸਿੰਘ ਸਨੌਰ ਦਾ ਕਹਿਣਾ ਸੀ ਕਿ ਇਸ ਦੌਰਾਨ ਹਰਜਿੰਦਰ ਸਿੰਘ ਫਰੀਦਪੁਰ ਜੱਟਾਂ, ਮੱਖਣ ਸਿੰਘ ਬਠੋਈ ਕਲਾਂ, ਬਲਵਿੰਦਰ ਸਿੰਘ ਅਕੌਤ, ਮਲਕੀਤ ਸਿੰਘ ਪਟਿਆਲਾ, ਹਰਮੀਤ ਸਿੰਘ ਸਨੌਰ, ਰਾਮ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ ਅਤੇ ਮੰਗਲ ਸਿੰਘ ਸਮੇਤ 10 ਹੋਰ ਜਣਿਆਂ ਨੇ ਵੀ ਖ਼ੂਨਦਾਨ ਕੀਤਾ। ਵਾਲੰਟੀਅਰਾਂ ਤੋਂ ਖ਼ੂਨ ਇਕੱਤਰ ਕਰਨ ਦੀ ਸੇਵਾ ਨਿਭਾਉਣ ਵਾਲੀ ਟੀਮ ਦੀ ਮੁਖੀ ਡਾਕਟਰ ਹਰਨੂਰ ਭਾਰਦਵਾਜ ਖ਼ੂਨਦਾਨੀਆਂ ਦੀ ਹੌਸਲਾਅਫ਼ਜਾਈ ਕੀਤੀ। ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਵਿੱਚ ‘ਮਿਸ਼ਨ ਲਾਲੀ ਤੇ ਹਰਿਆਲੀ’ ਦੇ ਮੋਢੀ ਹਰਦੀਪ ਸਿੰਘ ਸਨੌਰ, ਠੇਕੇਦਾਰ ਗੁਰਬਚਨ ਸਿੰਘ ਤੇ ਕਰਮ ਸਿੰਘ ਭਾਨਰਾ ਮੌਜੂਦ ਸਨ।