ਖੇਤਰੀ ਪ੍ਰਤੀਨਿਧ
ਪਟਿਆਲਾ , 14 ਅਪਰੈਲ
ਸਕੂਲਾਂ ਤੱਕ ਸਮੇਂ ਸਿਰ ਕਿਤਾਬਾਂ ਪਹੁੰਚਾਉਣ ਵਿੱਚ ਪਿਛਲੀਆਂ ਸਰਕਾਰਾਂ ਵਾਂਗ ਪੰਜਾਬ ਦੀ ‘ਆਪ’ ਸਰਕਾਰ ਵੀ ਅਸਫ਼ਲ ਨਜ਼ਰ ਆ ਰਹੀ ਹੈ। ਸਰਕਾਰੀ ਅਣਗਹਿਲੀ ਸਦਕਾ, 6 ਅਪਰੈਲ ਤੋਂ ਸ਼ੁਰੂ ਹੋਏ ਨਵੇਂ ਵਿੱਦਿਅਕ ਵਰ੍ਹੇ ਦੇ ਇੱਕ ਹਫਤੇ ਬੀਤਣ ਪਿੱਛੋਂ ਵੀ, ਸਰਕਾਰੀ ਸਕੂਲਾਂ ਦੇ ਲੱਖਾਂ ਵਿਦਿਆਰਥੀ ਬਿਨਾਂ ਕਿਤਾਬਾਂ ਤੋਂ ਹੀ ਸਕੂਲ ਜਾਣ ਲਈ ਮਜਬੂਰ ਹਨ। ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਨਵੀਂ ਬਣੀ ਸਰਕਾਰ, ਮਿਆਰੀ ਸਿਹਤ ਅਤੇ ਸਿੱਖਿਆ ਨੂੰ ਸਿਆਸੀ ਮੁੱਦਾ ਬਣਾ ਕੇ ਸੱਤਾ ਵਿੱਚ ਆਈ ਹੈ, ਪਰ ਹਾਲੇ ਤਕ ਜਨਤਕ ਸਿੱਖਿਆ ਪ੍ਰਤੀ ਬੇਰੁਖ਼ੀ ਹੀ ਨਜ਼ਰ ਆ ਰਹੀ ਹੈ। ਨਤੀਜੇ ਵਜੋਂ, ਸਰਕਾਰੀ ਸਕੂਲਾਂ ਦੇ ਲੱਖਾਂ ਬੱਚੇ ਬਿਨਾਂ ਪਾਠ ਪੁਸਤਕਾਂ ਤੋਂ ਸਕੂਲਾਂ ਵਿੱਚ ਪੜ੍ਹਨ ਜਾਣ ਲਈ ਮਜਬੂਰ ਹਨ। ਇਨ੍ਹਾਂ ਵਿੱਚੋਂ ਅੱਠਵੀ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਤਾਂ ਹੋਰ ਵੀ ਡਾਢੀ ਸਮੱਸਿਆ ਦਰਪੇਸ਼ ਹੈ, ਕਿਉਂਕਿ ਪੁਰਾਣੇ ਵਿੱਦਿਅਕ ਸੈਸ਼ਨ ਨਾਲ ਸਬੰਧਤ ਬੋਰਡ ਪ੍ਰੀਖਿਆਵਾਂ ਹਾਲੇ ਮੁਕੰਮਲ ਨਹੀਂ ਹੋਈਆਂ ਹਨ, ਜਿਸ ਕਾਰਨ ਇਨ੍ਹਾਂ ਜਮਾਤਾਂ ਵਿੱਚਲੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਨੂੰ ਅੰਸ਼ਕ ਰਾਹਤ ਦੇ ਰੂਪ ਵਿੱਚ ਪੁਰਾਣੀਆਂ ਕਿਤਾਬਾਂ ਵੀ ਪ੍ਰਾਪਤ ਨਹੀਂ ਹੋ ਰਹੀਆਂ ਹਨ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਸਿੰਘ ਘੱਗਾ ਅਤੇ ਜ਼ਿਲ੍ਹਾ ਸਕੱਤਰ ਹਰਵਿੰਦਰ ਸਿੰਘ ਰੱਖੜਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਸੰਜੀਦਗੀ ਦਿਖਾਉਂਦਿਆਂ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਨੂੰ ਪੂਰੀ ਗਿਣਤੀ ਵਿੱਚ ਸਕੂਲਾਂ ਤੱਕ ਬਿਨਾਂ ਦੇਰੀ ਪੁੱਜਦਾ ਕੀਤਾ ਜਾਵੇ।