ਗੁਰਨਾਮ ਸਿੰਘ ਚੌਹਾਨ
ਪਾਤੜਾਂ, 3 ਅਕਤੂਬਰ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਖਤ ਨਿਰਦੇਸ਼ਾਂ ਮਗਰੋਂ ਪੰਜਾਬ ਪੁਲੀਸ ਨੇ ਮੁੱਖ ਮਾਰਗਾਂ, ਲਿੰਕ ਸੜਕਾਂ ਤੇ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਰਾਹੀਂ ਯੂਪੀ, ਬਿਹਾਰ ਆਦਿ ਰਾਜਾਂ ਤੋਂ ਪੰਜਾਬ ’ਚ ਦਾਖ਼ਲ ਹੁੰਦੇ ਝੋਨੇ ਨੂੰ ਰੋਕਣ ਲਈ ਦਿਨ ਰਾਤ ਨਾਕੇ ਲਾ ਕੇ ਚੌਕਸੀ ਵਧਾ ਦਿੱਤੀ ਹੈ। ਪਟਿਆਲਾ ਜ਼ਿਲ੍ਹੇ ਦੀ ਪੁਲੀਸ ਵੱਲੋਂ ਪੰਜਾਬ ਦੇ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ ਸੀਲ ਕਰਕੇ ਗੈਰਕਾਨੂੰਨੀ ਝੋਨੇ ਦੀ ਆਮਦ ਨੂੰ ਰੋਕਣ ਲਈ ਵਾਹਨਾਂ ਦੀ ਸਖਤੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੰਜਾਬ ’ਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲੀਸ ਵਿਭਾਗ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਸਨ ਕਿ ਦੂਜੇ ਰਾਜਾਂ ਤੋਂ ਚਾਵਲ ਤੇ ਝੋਨੇ ਦੀ ਗੈਰਕਨੂੰਨੀ ਆਮਦ ਨੂੰ ਰੋਕਣ ਲਈ ਸਖ਼ਤੀ ਕੀਤੀ ਜਾਵੇ। ਉਨ੍ਹਾਂ ਪ੍ਰਮੁੱਖ ਸਕੱਤਰ, ਗ੍ਰਹਿ ਤੇ ਡੀਜੀਪੀ ਨੂੰ ਵੀ ਪੱਤਰ ਲਿਖ ਕੇ ਕਿਹਾ ਸੀ ਕਿ ਦੂਜੇ ਰਾਜਾਂ ਤੋਂ ਚੌਲ/ਝੋਨੇ ਦੇ ਗੈਰਕਨੂੰਨੀ ਆਮਦ ਰੋਕਣ ਲਈ ਜ਼ਿਲ੍ਹਿਆਂ ਵਿੱਚ ਵਾਧੂ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਜਾਣ। ਜਿਸ ’ਤੇ ਅਮਲ ਕਰਦਿਆਂ ਜ਼ਿਲ੍ਹਾ ਪਟਿਆਲਾ ਦੀ ਪੁਲੀਸ ਨੇ ਅਰਨੋ, ਢਾਬੀ ਗੁੱਜਰਾਂ, ਬਾਦਸ਼ਾਹਪੁਰ, ਨਨਹੇੜਾ ਆਦਿ ਪਿੰਡਾਂ ਤੇ ਕਸਬਿਆਂ ਰਾਹੀਂ ਪੰਜਾਬ ਹਰਿਆਣਾ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਤੇ ਮੁੱਖ ਮਾਰਗਾਂ ਰਾਹੀਂ ਪੰਜਾਬ ‘ਚ ਲਿਆ ਕੇ ਝੋਨਾ ਵੇਚਣ ਵਾਲੇ ਤਸਕਰਾਂ ਨੂੰ ਰੋਕਣ ਨੂੰ ਪੁਲੀਸ ਨੇ ਬਾਰਡਰ ’ਤੇ ਦਿਨ ਰਾਤ ਦੀ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ। ਮਾਰਕੀਟ ਕਮੇਟੀ ਪਾਤੜਾਂ ਦੇ ਕਰਮਚਾਰੀਆਂ ਤੇ ਪੁਲੀਸ ਵੱਲੋਂ ਕੀਤੀ ਗਈ ਸਾਂਝੀ ਨਾਕਾਬੰਦੀ ਨੂੰ ਚੈੱਕ ਕਰਨ ਵਾਸਤੇ ਰਾਤ ਸਮੇਂ ਡੀਐੱਸਪੀ ਪਾਤੜਾਂ ਬੂਟਾ ਸਿੰਘ ਨੇ ਅਰਨੋਂ ਤੇ ਢਾਬੀ ਗੁੱਜਰਾਂ ’ਚ ਕੀਤੀ ਨਾਕਾਬੰਦੀ ਦੀ ਜਾਂਚ ਕੀਤੀ। ਉਨ੍ਹਾਂ ਝੋਨਾ ਪੰਜਾਬ ’ਚ ਲਿਆ ਕੇ ਵੇਚਣ ਵਾਲੇ ਵਪਾਰੀਆਂ ਨੂੰ ਤਾੜਨਾ ਕੀਤੀ ਹੈ ਜੇ ਉਹ ਅਜਿਹਾ ਕਰਨੋਂ ਬਾਜ਼ ਨਾ ਆਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਹੈ ਕਿ ਬੀਤੇ ਸਾਲ ਯੂਪੀ ਤੇ ਬਿਹਾਰ ਤੋਂ ਗੈਰਕਾਨੂੰਨੀ ਢੰਗ ਨਾਲ ਸਸਤਾ ਝੋਨਾ ਲਿਆ ਕੇ ਪੰਜਾਬ ’ਚ ਮਹਿੰਗੇ ਭਾਅ ’ਤੇ ਵੇਚਣ ਲਈ ਲਿਆਂਦਾ ਗਿਆ ਸੀ। ਉਦੋਂ ਵੀ ਕਈ ਅਜਿਹੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਹਰਿਆਣਾ ਦੇ ਬਾਰਡਰ ’ਤੇ ਦਿਨ ਰਾਤ ਦੀ ਨਾਕਾਬੰਦੀ ਸ਼ੁਰੂ ਕਰਕੇ ਵਾਹਨਾਂ ਦੀ ਚੈਕਿੰਗ ਕੀਤੇ ਜਾਣ ਨਾਲ ਇਨ੍ਹਾਂ ਰਾਜਾਂ ਤੋਂ ਝੋਨਾ ਲਿਆ ਕੇ ਪੰਜਾਬ ’ਚ ਵੇਚਣ ਵਾਲਿਆਂ ਦੀ ਨੀਂਦ ਹਰਾਮ ਹੋ ਗਈ ਹੈ। ਉਨ੍ਹਾਂ ਨਾਕੇ ’ਤੇ ਡਿਊਟੀ ਦੇ ਰਹੇ ਪੁਲੀਸ ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਹੈ।