ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਨਵੰਬਰ
ਤਿਉਹਾਰਾਂ ਦੇ ਦਿਨਾਂ ਵਿੱਚ ਖਾਧ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਪੁਲੀਸ ਅਤੇ ਫੂਡ ਸੇਫਟੀ ਟੀਮ ਵੱਲੋਂ ਬਰਾਮਦ ਕੀਤੀ ਗਈ ਹਰਿਆਣਾ ਤੋਂ ਆਈ 480 ਕਿਲੋ ਵਜ਼ਨੀ ਮਿਲਕ ਕੇਕ ਦੀ ਖੇਪ ਗੈਰਮਿਆਰੀ ਨਿਕਲੀ। ਇਸ ਨੂੰ ਨਿਰਧਾਰਤ ਨਿਯਮਾਂ ਤਹਿਤ ਨਸ਼ਟ ਕਰਵਾ ਦਿੱਤਾ ਗਿਆ ਹੈ। ਇਹ ਕਾਰਵਾਈ ਖਰੜ ਸਥਿਤ ਲੈਬ ਵਿੱਚ ਭੇਜੇ ਗਏ ਮਿਲਕ ਕੇਕ ਦੇ ਸੈਂਪਲਾਂ ਦੀ ਰਿਪੋਰਟ ਮਿਲਣ ਮਗਰੋਂ ਅਮਲ ’ਚ ਲਿਆਂਦੀ ਗਈ ਹੈ। ਇਸ ਟੀਮ ਦੀ ਅਗਵਾਈ ਜ਼ਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇ ਕੀਤੀ। ਪਟਿਆਲਾ ਦੇ ਡੀ.ਐੱਸ.ਪੀ (ਰੂਰਲ) ਸੁਖਮਿੰਦਰ ਸਿੰਘ ਚੌਹਾਨ ਦਾ ਕਹਿਣਾ ਸੀ ਕਿ 16 ਅਕਤੂਬਰ ਨੂੰ ਥਾਣਾ ਜੁਲਕਾਂ ਦੇ ਐੱਸ.ਐੱਚ.ਓ. ਇੰਸਪੈਕਟਰ ਪਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਹਰਿਆਣਾ ਤੋਂ ਪੰਜਾਬ ਅੰਦਰ ਦਾਖਲ ਹੋ ਰਹੇ ਸਾਮਾਨ ਦੇ ਲੱਦੇ ਦੋ ਵਾਹਨਾਂ ਨੂੰ ਰੋਕਿਆ ਸੀ। ਇਸ ਦੀ ਜਾਂਚ ਦੌਰਾਨ ਇਸ ਵਿੱਚ 4 ਕਿਲੋ ਦੀ ਪੈਕਿੰਗ ਵਾਲੇ 120 ਡੱਬੇ (480 ਕਿਲੋ) ਮਿਲਕ ਕੇਕ ਪਾਇਆ ਗਿਆ। ਮਿਲਾਵਟ ਹੋਣ ਦਾ ਸ਼ੱਕ ਜ਼ਾਹਰ ਕਰਦਿਆਂ,ਪੁਲੀਸ ਨੇ ਇਤਲਾਹ ਦੇ ਕੇ ਜ਼ਿਲ੍ਹਾ ਸਿਹਤ ਅਫਸਰ ਨੂੰ ਬੁਲਾਇਆ ਜਿਨ੍ਹਾਂ ਨੇ ਸੈਂਪਲ ਭਰਕੇ ਜਾਂਚ ਲਈ ਖਰੜ ਸਥਿਤ ਲੈਬ ਵਿੱਚ ਭੇਜੇ। ਇਸ ਦੀ ਆਈ ਰਿਪੋਰਟ ਦੌਰਾਨ ਇਹ ਮਿਲਕ ਕੇਕ ਗ਼ੈਰ ਮਿਆਰੀ ਪਾਇਆ ਗਿਆ। ਇਸ ’ਤੇ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਦੀ ਅਗਵਾਈ ਵਿੱਚ ਸਿਹਤ ਵਿਭਾਗ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਨਗਰ ਨਿਗਮ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਟੀਮ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ, ਇਸ ਮਿਲਕ ਕੇਕ ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ। ਇਸ ਦੌਰਾਨ ਫੂਡ ਸੇਫਟੀ ਅਫਸਰ ਗਗਨਦੀਪ ਕੌਰ, ਡਾ. ਦਿਵਯਜੋਤ ਸਿੰਘ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਤੋਂ ਸਹਾਇਕ ਵਾਤਾਵਰਨ ਇੰਜੀਨੀਅਰ ਪ੍ਰਿਤਪਾਲ ਕੌਰ, ਥਾਣਾ ਜੁਲਕਾਂ ਤੋਂ ਪੁਲੀਸ ਮੁਲਾਜ਼ਮ ਸਤਨਾਮ ਸਿੰਘ ਅਤੇ ਮੁਖਤਿਆਰ ਸਿੰਘ ਸਮੇਤ ਮਿਉਂਸਿਪਲ ਕਾਰਪੋਰੇਸ਼ਨ ਤੋਂ ਵੀ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ। ਇਹ ਮਿਲਕ ਜੇਸੀਬੀ ਮਸ਼ੀਨ ਰਾਹੀਂ ਇੱਥੇ ਸਨੌਰੀ ਅੱਡਾ ਖੇਤਰ ਵਿੱਚ ਸਥਿਤ ਵੱਡੀ ਨਦੀ ਦੇ ਕੋਲ਼ ਡੰਪਿੰਗ ਗਰਾਊਂਡ ਵਿੱਚ 15 ਫੁੱਟ ਟੋਆ ਪੁੱਟ ਕੇ ਦੱਬਦਿਆਂ, ਨਸ਼ਟ ਕਰ ਦਿੱਤਾ ਗਿਆ।