ਅਸ਼ਵਨੀ ਗਰਗ
ਸਮਾਣਾ, 14 ਮਈ
ਕਰੋਨਾ ਮਹਾਮਾਰੀ ਤੋਂ ਬਚਾਅ ਲਈ ਅੱਜ ਸਿਹਤ ਵਿਭਾਗ ਵੱਲੋਂ ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਵੈਕਸੀਨੈਸ਼ਨ ਕੈਂਪ ਲਗਾਇਆ ਗਿਆ ਜਿੱਥੇ ਕਰੋਨਾ ਤੋਂ ਬਚਾਅ ਦੀ ਥਾਂ ਕਰੋਨਾ ਫੈਲਾਉਣ ਦਾ ਵੱਧ ਯਤਨ ਕੀਤਾ ਗਿਆ। ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਕਰੋਨਾ ਸੰਬੰਧੀ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ। ਇਸ ਕੈਂਪ ਦੌਰਾਨ ਕਰੀਬ 900 ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ। ਜਦੋਂਕਿ ਸਿਵਲ ਹਸਪਤਾਲ ਵਿਖੇ ਵੈਕਸੀਨ ਲਗਵਾਉਣ ਪੁੱਜੇ ਲੋਕਾਂ ਨੂੰ ਉੱਥੇ ਸਟਾਫ਼ ਦਾ ਕੋਈ ਮੈਂਬਰ ਨਾ ਮਿਲਣ ਤੇ ਵੈਕਸੀਨ ਨਾ ਲੱਗਣ ਕਾਰਨ ਖਾਲੀ ਹੱਥ ਨਿਰਾਸ਼ ਪਰਤਣਾ ਪਿਆ। ਦੂਰ ਦਰਾਡੇ ਤੋਂ ਵੈਕਸੀਨ ਲਗਵਾਉਣ ਪੁੱਜੇ ਲੋਕਾਂ ਵਿਚ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਖ਼ਿਲਾਫ਼ ਭਾਰੀ ਰੋਸ ਸੀ। ਵੈਕਸੀਨ ਲਗਵਾਉਣ ਆਏ ਕੁੱਝ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਪਿਛਲੇ 2-3 ਦਿਨਾਂ ਤੋਂ ਲਗਾਤਾਰ ਵੈਕਸੀਨ ਲਗਾਉਣ ਲਈ ਆ ਰਹੇ ਹਨ ਪ੍ਰੰਤੂ ਹਰ ਰੋਜ ਨਿਰਾਸ਼ ਹੋ ਕੇ ਵਾਪਿਸ ਪਰਤਣਾ ਪੈ ਰਿਹਾ ਹੈ।ਇਸ ਬਾਰੇ ਜਦੋਂ ਸਿਵਲ ਹਸਪਤਾਲ ਦੇ ਐਸਐੱਮਓ ਡਾ.ਕਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਗਰਵਾਲ ਧਰਮਸ਼ਾਲਾ ਵਿਖੇ ਲਗਾਏ ਗਏ ਕੈਂਪ ਵਿੱਚ ਡਾਕਟਰ ਤੇ ਸਟਾਫ਼ ਭੇਜਣ ਕਾਰਨ ਸਿਵਲ ਹਸਪਤਾਲ ਵਿਖੇ ਵੈਕਸੀਨ ਨਹੀਂ ਲਗਾਈ ਗਈ ਜਦੋਂਕਿ ਪਿਛਲੇ ਕੁੱਝ ਦਿਨਾਂ ਤੋਂ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਸਬੰਧੀ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਪਿੱਛੋਂ ਵੈਕਸੀਨ ਹੀ ਨਹੀਂ ਆ ਰਹੀ ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।