ਗੁਰਨਾਮ ਸਿੰਘ ਚੌਹਾਨ
ਪਾਤੜਾਂ, 1 ਅਗਸਤ
ਪਿੰਡ ਗੁਲਾਹੜ, ਜੋਗੇਵਾਲਾ ਤੇ ਨਾਈਵਾਲਾ ਦੇ ਖੇਤਾਂ ਵਿਚ ਭਰੇ ਬਰਸਾਤੀ ਪਾਣੀ ਕਾਰਨ ਖਰਾਬ ਹੋਈਆਂ ਫ਼ਸਲਾਂ ਨੂੰ ਬਚਾਉਣ ਤੇ ਪਾਣੀ ਦੀ ਨਿਕਾਸੀ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਪ੍ਰਸ਼ਾਸਨ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਛੁੱਟੀ ਵਾਲੇ ਦਿਨ ਦੇ ਬਾਵਜੂਦ ਥਾਣਾ ਸ਼ੁਤਰਾਣਾ ਦੀ ਪੁਲੀਸ ਨੇ ਪਾਣੀ ਦੇ ਤੇਜ਼ ਵਹਾਅ ਕਾਰਨ ਕੁਝ ਕਿਸਾਨਾਂ ਵੱਲੋਂ ਬੰਦ ਕੀਤੀਆਂ ਗਈਆਂ ਪੁਲੀਆਂ ਨੂੰ ਖੁੱਲ੍ਹਵਾਉਣ ਮਗਰੋਂ ਉਨ੍ਹਾਂ ’ਤੇ ਨਜ਼ਰ ਰੱਖੀ। ਬੀਤੀ ਸ਼ਾਮ ਐੱਸਡੀਐੱਮ ਪਾਤੜਾਂ ਡਾ. ਪਾਲਿਕਾ ਅਰੋੜਾ ਤੇ ਡੀਐੱਸਪੀ ਬੂਟਾ ਸਿੰਘ ਗਿੱਲ ਵੱਲੋਂ ਕੀਤੇ ਗਏ ਯਤਨਾਂ ਮਗਰੋਂ ਹੋਏ ਸਮਝੌਤੇ ਤਹਿਤ ਗੁਲਾਹੜ ਜੋਗੇਵਾਲਾ ਸੜਕ ’ਤੇ ਕਿਸਾਨਾਂ ਵੱਲੋਂ ਲਗਾਇਆ ਗਿਆ ਬੰਨ੍ਹ ਵੀਹ ਫੁਟ ਖੋਲ੍ਹ ਦਿੱਤਾ ਗਿਆ। ਵੱਡੀ ਪੱਧਰ ’ਤੇ ਪਾਣੀ ਦੀ ਨਿਕਾਸੀ ਹੋ ਮਗਰੋਂ ਹੁਣ ਖੇਤਾਂ ਵਿੱਚ ਭਰੇ ਪਾਣੀ ਦਾ ਪੱਧਰ ਹੇਠਾਂ ਆ ਗਿਆ ਹੈ। ਥਾਣਾ ਮੁਖੀ ਸ਼ੁਤਰਾਣਾ ਸ਼ਮਸ਼ੇਰ ਸਿੰਘ ਤੇ ਪੁਲੀਸ ਚੌਕੀ ਠਰੂਆ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਗੁਲਾੜ ਖਾਂਗ ਸੜਕ ’ਤੇ ਬੀਤੇ ਕੱਲ੍ਹ ਖੁੱਲ੍ਹਵਾਈਆਂ ਗਈਆਂ ਪੁਲੀਆਂ ਵਾਲੀ ਥਾਂ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ।
ਵਿਧਾਇਕ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ
ਪਾਤੜਾਂ (ਪੱਤਰ ਪ੍ਰੇਰਕ): ਭਾਰੀ ਬਰਸਾਤ ਮਗਰੋਂ ਨੀਵੀਆਂ ਥਾਵਾਂ ਉਤੇ ਪਾਣੀ ਭਰ ਜਾਣ ਕਾਰਨ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਦਰਜਨਾਂ ਪਿੰਡਾਂ ਵਿੱਚ ਸੈਂਕੜੇ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਹਲਕਾ ਦੇ ਵਿਧਾਇਕ ਨਿਰਮਲ ਸਿੰਘ ਨੇ ਅੱਧੀ ਦਰਜਨ ਦੇ ਕਰੀਬ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨਾਂ ਨੇ ਪਿੰਡ ਬਾਦਸ਼ਾਹਪੁਰ ਤੋਂ ਝੰਬੋਵਾਲੀ ਚੋਅ ਤਕ ਜਾਣ ਵਾਲੀ ਡਰੇਨ ਲੋਕਾਂ ਦੇ ਨਾਜਾਇਜ਼ ਕਬਜ਼ੇ ਖਤਮ ਕਰ ਕੇ ਡਰੇਨ ਦੀ ਖੁਦਾਈ ਦੀ ਮੰਗ ਕੀਤੀ। ਘੱਗਰ ਪੱਟੀ ਦੇ ਹੜ੍ਹ ਪ੍ਰਭਾਵਿਤ ਪਿੰਡ ਕਰਤਾਰਪੁਰ ਝੀਲ ਸ਼ਾਦੀਪੁਰ ਮੋਮੀਆਂ ਅਰਨੇਟੂ ਅਤੇ ਬਾਦਸ਼ਾਹਪੁਰ ਆਦਿ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਮਗਰੋਂ ਉਨ੍ਹਾਂ ਕਿਹਾ ਕਿ ਇਲਾਕੇ ਦੀ ’ਚ ਹੋਈ ਭਾਰੀ ਬਰਸਾਤ ਦੌਰਾਨ ਨੀਵੀਂਆਂ ਥਾਵਾਂ ਉੱਤੇ ਪਾਣੀ ਦੇ ਭਰ ਜਾਣ ਦਾ ਸਭ ਤੋਂ ਵੱਡਾ ਕਾਰਨ ਪਾਣੀ ਦੇ ਕੁਦਰਤੀ ਵਹਾਅ ਬੰਦ ਕਰਨਾ ਹੈ।