ਖੇਤਰੀ ਪ੍ਰਤੀਨਿਧ
ਪਟਿਆਲਾ, 4 ਅਕਤੂਬਰ
ਵਾਤਾਵਰਨ ਪ੍ਰਦੂਸ਼ਣ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਪਿੰਡ ਜਿੰਦਲਪੁਰ ਦੇ ਕਿਸਾਨ ਹਰਜਿੰਦਰ ਸਿੰਘ ਟਿਵਾਣਾ ਅਤੇ ਉਨ੍ਹਾਂ ਦੇ ਤਿੰਨ ਭਰਾਵਾਂ ਵੱਲੋਂ ਆਪਣੀ 60 ਏਕੜ ਜ਼ਮੀਨ ਵਿੱਚ ਪਰਾਲ਼ੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਕੇ ਹੋਰਨਾਂ ਕਿਸਾਨਾਂ ਲਈ ਵੀ ਚਾਨਣ ਮੁਨਾਰੇ ਦਾ ਕੰਮ ਕੀਤਾ ਜਾ ਰਿਹਾ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਜ਼ਮੀਨ ਵਿੱਚ ਪਿਛਲੇ ਚਾਰ ਸਾਲਾਂ ਤੋਂ ਅੱਗ ਨਹੀਂ ਲਗਾਈ। ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ।
ਸ੍ਰੀ ਟਿਵਾਣਾ ਨੇ ਦੱਸਿਆ ਕਿ ਉਹ ਆਪਣੀ 60 ਏਕੜ ਜ਼ਮੀਨ ਵਿੱਚ ਝੋਨੇ ਤੋਂ ਬਾਅਦ ਆਲੂ ਦੀ ਕਾਸ਼ਤ ਕਰਦੇ ਹਨ ਤੇ ਝੋਨੇ ਦੀ ਕਟਾਈ ਸੁਪਰ ਐੱਸਐੱਮਐੱਸ ਕੰਬਾਈਨ ਨਾਲ ਕਰਵਾਉਣ ਤੋਂ ਬਾਅਦ ਮਲਚਰ ਤੇ ਫਿਰ ਰੋਟਾਵੇਟਰ ਫੇਰ ਦਿੰਦੇ ਹਨ, ਇਸ ਉਪਰੰਤ ਐਮ.ਵੀ ਪਲਾਓ (ਉਲਟਾਵੇ ਹੱਲ) ਫੇਰ ਕੇ ਮਿੱਟੀ ਨੂੰ 10 ਇੰਚ ਦਾ ਪਲਟਾ ਦੇ ਦਿੱਤਾ ਜਾਂਦਾ ਹੈ। ਇਸ ਨਾਲ ਪਰਾਲੀ ਮਿੱਟੀ ਵਿੱਚ ਪੂਰੀ ਤਰ੍ਹਾਂ ਰਲ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਆਲੂ ਦੀ ਫ਼ਸਲ ਲਈ ਪੋਟਾਸ਼ੀਅਮ ਦੀ ਬਹੁਤ ਜ਼ਰੂਰਤ ਹੁੰਦੀ ਹੈ ਅਤੇ ਪਰਾਲੀ ’ਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਾਰਨ ਖੇਤਾਂ ’ਚ ਪੋਟਾਸ਼ੀਅਮ ਦੀ ਵਰਤੋਂ ਨਹੀਂ ਕਰਨੀ ਪੈਂਦੀ। ਇਸ ਸਦਕਾ ਖ਼ਰਚੇ ਵਿੱਚ ਵੀ ਕਮੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਖੇਤ ’ਚ ਜੋ ਪਰਾਲੀ ਮਿਲਾਈ ਗਈ ਹੈ, ਉਸ ਨਾਲ ਵੀ ਜ਼ਿਆਦਾ ਪਰਾਲੀ ਖੇਤ ’ਚ ਮਿਲਾਉਣ ਦੀ ਜ਼ਰੂਰਤ ਹੈ।
ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਟਿਵਾਣਾ ਭਰਾਵਾਂ ਨੇ ਕਿਹਾ ਕਿ ਖੇਤੀ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰ ਕੇ ਸਾਨੂੰ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹੰਭਲਾ ਮਾਰਨ ਦੀ ਜ਼ਰੂਰਤ ਹੈ।