ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਅਕਤੂਬਰ
ਸ਼ਾਹੀ ਸ਼ਹਿਰ ਪਟਿਆਲਾ ਵਿਚ ਲੰਬੇ ਸਮੇਂ ਤੋਂ ਲਟਕ ਅਵਸਥਾ ’ਚ ਪਏ ਅਤਿ ਆਧੁਨਿਕ ਬੱਸ ਅੱਡੇ ’ਤੇ ਆਧਾਰਤ ਪ੍ਰਾਜੈਕਟ ਦੇ ਹੁਣ ਭਾਗ ਜਾਗਣ ਵਾਲ਼ੇ ਜਾਪ ਰਹੇ ਹਨ। ਕਿਉਕਿ 60 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਜਾਣ ਵਾਲੇ ਇਸ ਅਤਿ ਆਧੁਨਿਕ ਬੱਸ ਅੱਡੇ ਦੀ ਉਸਾਰੀ ਦਾ ਕੰਮ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦਾ ਨੀਂਹ ਪੱਥਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲਦੀ ਹੀ ਰੱਖਿਆ ਜਾ ਰਿਹਾ ਹੈ। ਉਧਰ ਪੀ.ਆਰ.ਟੀ.ਸੀ. ਵੱਲੋਂ ਅੱਜ ਆਪਣੀਆਂ ਸਾਰੀਆਂ ਸਧਾਰਨ ਬੱਸਾਂ ਦੇ ਦਿੱਲੀ, ਜੈਪੁਰ, ਅਜਮੇਰ, ਮਨਾਲੀ, ਸ਼ਿਮਲਾ, ਹਰਿਦੁਆਰ ਆਦਿ ਰੂਟਾ ’ਤੇ ਚਲਾ ਦਿੱਤੀਆਂ ਹਨ। ਜਿਸ ਦੌਰਾਨ ਵਿਤੀ ਹਾਲਤ ਵਿੱਚ ਸੁਧਾਰ ਹੋਵੇਗਾ।
ਇਹ ਜਾਣਕਾਰੀ ਇਥੋਂ ਦੇ ਸ਼ਾਹੀ ਘਰਾਣੇ ਦੇ ਕਰੀਬੀ ਤੇ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਅੱਜ ਪੀਆਰਟੀਸੀ ਦੇ ਬੋਰਡ ਆਫ ਡਾਇਰੈਕਟਰਜ਼ ਦੀ ਅੱਜ ਹੋਈ 238 ਵੀਂ ਮੀਟਿੰਗ ਮਗਰੋਂ ਦਿਤੀ। ਇਥੇ ਪੱਤਰਕਾਰਾਂ ਨਾਲ਼ ਵਾਰਤਾਲਾਪ ਦੌਰਾਨ ਸ਼ਰਮਾ ਨੇ ਦੱਸਿਆ ਕਿ ਇਸ ਨਵੇਂ ਆਧੁਨਿਕ ਬੱਸ ਸਟੈਂਡ ਦੀ ਉਸਾਰੀ ਲਈ ਜਲਦ ਹੀ ਟੈਂਡਰ ਪ੍ਰਕਿਰਿਆ ਨੂੰ ਅੰਤਿਰਿਮ ਰੂਪ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਹੋਰ ਕਿਹਾ ਕਿ ਅਦਾਰੇ ਵਿੱਚ ਨਿਗਰਾਨ ਅਮਲੇ ਦੀ ਕਮੀ ਨੂੰ ਵੇਖਦਿਆਂ ਸਬਧੰਤ ਨਿਯਮਾਂ ਵਿੱਚ ਸੋਧ ਕਰਨ ਅਤੇ ਸਰਕਾਰ ਦੀ ਪ੍ਰਵਾਨਗੀ ਤਹਿਤ ਭਰਤੀ ਲਈ ਇਸ਼ਤਿਹਾਰ ਦੇਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਿਛਲੇ ਇੱਕ ਸਾਲ ਦਾ ਵਿੱਤੀ ਲੇਖਾ-ਜੋਖਾ ਅਤੇ ਆਉਣ ਵਾਲੇ ਸਮੇਂ ਲਈ ਬਜਟ ਆਦਿ ਏਜੰਡਿਆਂ ਨੂੰ ਵੀ ਵਿਚਾਰਿਆ ਗਿਆ।