ਖੇਤਰੀ ਪ੍ਰਤੀਨਿਧ
ਪਟਿਆਲਾ, 23 ਜੂਨ
ਯੂਥ ਫੈਡਰੇਸ਼ਨ ਆਫ ਇੰਡੀਆ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤੇ ਗਏ ਨਸ਼ਿਆਂ ਵਿਰੋਧੀ ਪੋਸਟਰ ਨੂੰ ਐੱਸਐੱਸਪੀ ਦੀਪਕ ਪਾਰਿਕ ਨੇ ਰਿਲੀਜ਼ ਕੀਤਾ। ਇਸ ਦੌਰਾਨ ਇੰਸਪੈਕਟਰ ਜੈਇੰਦਰ ਸਿੰਘ ਰੰਧਾਵਾ, ਸਾਂਝ ਕੇਂਦਰ ਪਟਿਆਲਾ ਦੇ ਇੰਚਾਰਜ ਐੱਸਆਈ ਝਿਰਮਲ ਸਿੰਘ, ਐੱਸਆਈ ਰੌਣੀ ਸਿੰਘ, ਰੀਡਰ ਸਤਨਾਮ ਸਿੰਘ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਭਲਵਾਨ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ। ਪੋਸਟਰ ਜਾਰੀ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੁਲੀਸ ਦਾ ਸਹਿਯੋਗ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਨਸਾ ਤਸਕਰੀ ਕਰਨ ਵਾਲੇ ਵਿਅਕਤੀਆਂ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਇਸ ਲਈ ਬੇਖੌਫ ਹੋ ਕੇ ਨਸ਼ਾ ਤਸਕਰਾਂ ਵਿਰੁੱਧ ਲਾਮਬੰਦ ਹੋਣ ਦੀ ਲੋੜ ਹੈ। ਉਨ੍ਹਾਂ ਹੋਰ ਕਿਹਾ ਨਸ਼ਾ ਨਾ ਸਿਰਫ਼ ਪੈਸੇ ਦੀ, ਬਲਕਿ ਪਰਿਵਾਰ ਦੀ ਬਰਬਾਦੀ ਵੀ ਕਰਦਾ ਹੈ। ਜਤਵਿੰਦਰ ਗਰੇਵਾਲ ਸਰਪ੍ਰਸਤ ਪਾਵਰ ਹਾਊਸ ਯੂਥ ਕਲੱਬ, ਸਟੇਟ ਐਵਾਰਡੀ ਰੁਪਿੰਦਰ ਕੌਰ, ਜਸਪਾਲ ਟਿੱਕਾ, ਨਵਜੋਤ ਸਿੰਘ ਦੀਪ ਨਗਰ, ਹਰਕੰਵਲ ਗਰੇਵਾਲ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ।