ਪੱਤਰ ਪ੍ਰੇਰਕ
ਦੇਵੀਗੜ੍ਹ, 6 ਅਪਰੈਲ
ਸ਼ਹਿਰ ਤੋਂ ਦੂਰ-ਦੁਰਾਡੇ ਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਦੇਵੀਗੜ੍ਹ ਦੇ ਇੱਕ ਮੈਰਿਜ ਪੈਲੇਸ ਵਿੱਚ ਸੁਵਿਧਾ ਕੈਂਪ ਲਗਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਵਿੱਚ ਦੂਧਨਸਾਧਾਂ ਵਿੱਚ ਬੇਸ਼ੱਕ ਸਬ ਡਵੀਜ਼ਨ ਬਣੀ ਹੋਈ ਹੈ ਪਰ ਉਸ ਵਿੱਚ ਅਜੇ ਤੱਕ ਸਾਰੇ ਅਧਿਕਾਰੀਆਂ ਦੇ ਦਫ਼ਤਰ ਨਾ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਪਟਿਆਲੇ ਜਾਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਕਾਫੀ ਸਮਾਂ ਖਰਾਬ ਹੋ ਜਾਂਦਾ ਹੈ। ਇਸ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਅੱਜ ਇਹ ਕੈਂਪ ਲਗਾਇਆ ਸੀ। ਉਨ੍ਹਾਂ ਕਿਹਾ ਕਿ ਇਹ ਕੈਂਪ ਇੱਕ ਤਜਰਬੇ ਵਜੋਂ ਲਗਾਇਆ ਗਿਆ ਸੀ ਅਤੇ ਅੱਗੇ ਤੋਂ ਇਸ ਤੋਂ ਵੀ ਵੱਡਾ ਕੈਂਪ ਲਗਾਇਆ ਜਾਵੇਗਾ।
ਐੱਸਡੀਐੱਮ ਦੁਧਨਸਾਧਾਂ ਅੰਕੁਰਦੀਪ ਸਿੰਘ ਨੇ ਕਿਹਾ ਕਿ ਬੇਸ਼ੱਕ ਇਸ ਕੈਂਪ ਵਿੱਚ ਲੋਕਾਂ ਨੂੰ ਬਹੁਤਾ ਲਾਭ ਨਹੀਂ ਹੋਇਆ ਪਰ ਇਸ ਤੋਂ ਹੋਰ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਕੈਂਪ ਵਿੱਚ ਸਾਰੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਲੋਕਾਂ ਦੇ ਕੰਮ ਕਰਵਾਉਣਗੇ।