ਖੇਤਰੀ ਪ੍ਰਤੀਨਿਧ
ਪਟਿਆਲਾ, 20 ਫਰਵਰੀ
ਸੂਬੇ ਅੰਦਰ ਇੱਕ ਪਾਸੇ ਚੋਣਾਂ ਦਾ ਮਾਹੌਲ ਭਖ਼ਿਆ ਰਿਹਾ ਤੇ ਦੂਜੇ ਪਾਸੇ ਬਲੱਡ ਬੈਂਕਾਂ ਵਿਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਸਮਾਜ ਸੇਵੀ ਸੰੰਸਥਾਵਾਂ ਨੇ ਵੀ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਇਸੇ ਕੜੀ ਵਜੋਂ ਅੱਜ ‘ਯੂਨੀਵਰਸਲ ਵੈਲਫੇਅਰ ਕਲੱਬ’ ਮਿਸ਼ਨ ਲਾਲੀ ਤੇ ਹਰਿਆਲੀ ਵੱਲੋਂ ‘ਪਹਿਲਾਂ ਖੂਨਦਾਨ: ਫਿਰ ਮਤਦਾਨ’ ਦੇ ਬੈਨਰ ਹੇਠਾਂ ਵਿਸੇਸ਼ ਮੁਹਿੰਮ ਚਲਾਈ ਗਈ। ਜਿਸ ਦੌਰਾਨ 19 ਵਾਲੰਟੀਅਰਾਂ ਨੇ ਖੂਨਦਾਨ ਕੀਤਾ। ਜਿਸ ਦਾ ਰਸਮੀ ਉਦਘਾਟਨ ਰਿਟਾਇਰਡ ਡੀਐੱਸਪੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾਈ ਮੀਤ ਪ੍ਰਧਾਨ ਨਾਹਰ ਸਿੰਘ ਮਾਜਰੀ ਨੇ 58ਵੀਂ ਵਾਰ ਖੂਨਦਾਨ ਕਰਕੇ ਕੀਤਾ। ਇਸੇ ਦੌਰਾਨ ਅੱਜ ਦੇ ਇਸ ਖੂਨਦਾਨ ਕੈਂਪ ਦੇ ਮੁੱਖ ਪ੍ਰਬੰਧਕ ਹਰਦੀਪ ਸਿੰਘ ਘਨੌਰ ਨੇ ਦੱਸਿਆ ਕਿ ਇਸ ਦੌਰਾਨ ਹੀ ਹਰਦੀਪ ਕੁਮਾਰ ਬਿਰੜਵਾਲ, ਰਵਿੰਦਰ ਭਾਂਖਰ, ਅਮਰਜੀਤ ਸਨੌਰ, ਗੁਰਤੇਜ ਸਿੰਘ, ਗੁਰਜੰਟ ਸਿਉਣਾ, ਹੀਰਾ ਲਾਲ ਮੈਣ, ਸੁਖਚੈਨ ਸਿੱਧੂਵਾਲ, ਬਲਜਿੰਦਰ ਕੌਰ ਪਟਿਆਲਾ, ਤੇਜਿੰਦਰ ਕਲਿਆਣ, ਗੁਰਮੀਤ ਡੀਲਵਾਲ ਅਤੇ ਗੁਰਮੀਤ ਭਾਨਰੀ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਡਾਕਟਰ ਲਿਸ਼ਿਮਾ ਨੇ ਸਮੂਹ ਵਾਲੰਟੀਅਰਾਂ ਨੂੰ ਸਰਟੀਫਿਕੇਟ ਤੇ ਰੀਮਾਈਂਡਰ ਕਾਰਡ ਦੇ ਕੇ ਸਨਮਾਨਿਤ ਕੀਤਾ।