ਖੇਤਰੀ ਪ੍ਰਤੀਨਿਧ
ਪਟਿਆਲਾ, 15 ਨਵਬੰਰ
ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਭੁਗਤ ਰਹੇ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਹਟਾਉਣ ਲਈ ਉਸ ਦਾ ਵਿਰੋਧੀ ਧੜਾ ਪੱਬਾਂ ਭਾਰ ਹੈ। ਬਿਨਾ ਸ਼ੱਕ ਮੇਅਰ ਦੇ ਵਿਰੋਧੀ ਧੜੇ ਨਾਲ ਵੱਧ ਕੌਂਸਲਰ ਜੁੜ ਚੁੱਕੇ ਹਨ। ਪਰ ਕੀ ਇਹ ਮੇਅਰ ਨੂੰ ਹਟਾਉਣ ਲਈ ਕਾਫ਼ੀ ਹਨ। ਇਹ ਗੱਲ ਮੇਅਰ ਵਿਰੋਧੀ ਧੜੇ ਨੇ ਅਜੇ ਅਧਿਕਾਰਤ ਤੌਰ ’ਤੇ ਸਪੱਸ਼ਟ ਨਹੀਂ ਕੀਤੀ। ਉਂਜ ਅੱਜ ਰਾਤ ਤੱਕ ਵੀ ਦੋਵੇਂ ਪਾਸੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ। ਇਸ ਦੌਰਾਨ ਜਿਥੇ ਮੇਅਰ ਨੇ ਆਪਣੇ ਹਮਾਇਤੀ ਕੌਂਸਲਰਾਂ ਸਮੇਤ ਮੋਤੀ ਮਹਿਲ ’ਚ ਜਾ ਕੇ ਮੀਟਿੰਗ ਕੀਤੀ, ਉਥੇ ਹੀ ਮਹਿਲ ਦੇ ਸਾਹਮਣੇ ਸਥਾਨਕ ਸਰਕਾਰਾਂ ਮੰਤਰੀ ਬ੍ਰ੍ਹਮ ਮਹਿੰਦਰਾ ਦੇ ਘਰ ਮੇੇਅਰ ਵਿਰੋਧੀ ਕੌਂਸਲਰਾਂ ਦੀਆਂ ਮੀਟਿੰਗਾਂ ਚੱੱਲੀਆਂ। ਮੇਅਰ ਨੂੰ ਹਟਾਉਣ ਵਾਲ਼ੀ ਟੀਮ ਦੇ ਇਕ ਸੀਨੀਅਰ ਆਗੂ ਨੇ ਮੇਅਰ ਖਿਲਾਫ਼ 41 ਕੌਂਸਲਰਾਂ ਦੇ ਮੈਦਾਨ ’ਚ ਆ ਜਾਣ ਦਾ ਦਾਅਵਾ ਕੀਤਾ ਹੈ। ਦੂਜੇ ਬੰਨ੍ਹੇ ਮੇਅਰ ਖੇਮੇ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ।
ਜਿ਼ਕਰਯੋਗ ਹੈ ਕਿ ਮੇਅਰ ਸੰਜੀਵ ਬਿੱਟੂ ਨੇ ਭਾਵੇਂ ਕਿ ਕਾਂਗਰਸ ਤਾਂ ਨਹੀਂ ਛੱਡੀ, ਪਰ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵਾਲ਼ੇ ਹੋਰਡਿੰਗ ਲਾਉਣ ਲੱਗੇ ਹਨ ਜਿਸ ਕਰਕੇ ਹੀ ਮੇਅਰ ਵਿਰੋਧੀ ਧੜਾ ਸਰਗਰਮ ਹੋਇਆ। ਮੇਅਰ ਵੱਲੋਂ ਬ੍ਰਹਮ ਮਹਿੰਦਰਾ ਦੇ ਹਲਕੇ ਤੋਂ ਚੋਣ ਲੜਨ ਦੀਆਂ ਤਿਆਰੀਆਂ ਵਿੱਢੀਆਂ ਹੋਣ ਕਾਰਨ ਦੋਵਾਂ ਧਿਰਾਂ ’ਚ ਕੁੜੱਤਣ ਹੈ। ਉਪਰੋਂ ਬਦਕਿਸਮਤੀ ਨਾਲ਼ ਮੇਅਰ ਦੇ ਮਾਮਲੇ ਨੂੰ ਵਾਚਣ ਦਾ ਮੰਤਰੀ ਵਜੋਂ ਅਧਿਕਾਰ ਵੀ ਬ੍ਰਹਮ ਮਹਿੰਦਰਾ ਕੋਲ਼ ਹੈ। ਉਂਜ ਵੀ ਉਹ ਪਟਿਆਲਾ ’ਚ ਸੀਨੀਅਰ ਕਾਂਗਰਸ ਆਗੂ ਦੀ ਹੈਸੀਅਤ ਵੀ ਰੱਖਦੇ ਹਨ। ਨਗਰ ਨਿਗਮ ਵਿਚੋਂ ਸਭ ਤੋਂ ਵੱਧ 32 ਕੌਂਸਲਰ ਪਟਿਆਲਾ ਸ਼ਹਿਰੀ ਹਲਕੇ ਤੋਂ ਹਨ, ਜਿਥੋਂ ਅਮਰਿਦਰ ਸਿੰਘ ਵਿਧਾਇਕ ਹਨ। 26 ਕੌਂਸਲਰ ਬ੍ਰਹਮ ਮਹਿੰਦਰਾ ਦੇ ਹਲਕੇ ਪਟਿਆਲਾ ਦਿਹਾਤੀ ਤੋਂ ਜਦਕਿ 2 ਕੌਂਸਲਰ ਸਨੌਰ ਹਲਕੇ ਤੋਂ ਹਨ। ਅੱਜ ਸ੍ਰੀ ਮਹਿੰਦਰਾ ਦੇ ਹਲਕੇ ਦੇ 26 ਵਿਚੋਂ 24 ਕੌਂਸਲਰਾਂ ਨੇ ਮੇਅਰ ਨੂੰ ਹਟਾਉਣ ਸਬੰਧੀ ਦਸਤਖਤ ਕੀਤੇ। ਪਰ ਚਰਚਾ ਇਹ ਵੀ ਰਹੀ ਕਿ ਪਟਿਆਲਾ ਸ਼ਹਿਰੀ ਹਲਕੇ ਦੇ ਜਿਹੜੇ 17 ਕੌਂਸਲਰਾਂ ਨੇ ਕੱਲ੍ਹ ਮੇਅਰ ਖਿਲਾਫ਼ ਦਸਤਖਤ ਕੀਤੇ ਸਨ,ਵਿਚੋਂ ਚਾਰ ਅੱਜ ਮੇਅਰ ਖੇਮੇ ’ਚ ਵਾਪਸ ਚਲੇ ਗਏ। ਪਰ ਮੇਅਰ ਵਿਰੋਧੀ ਧੜੇ ਵੱਲੋਂ 41 ਮੈਂਬਰਾਂ ਵੱਲੋਂ ਮੇਅਰ ਖਿਲਾਫ਼ ਦਸਤਖਤ ਕੀਤੇ ਹੋਣ ਦਾ ਜੋਰਦਾਰ ਦਾਅਵਾ ਕੀਤਾ ਜਾ ਰਿਹਾ ਹੈ।