ਬਹਾਦਰ ਸਿੰਘ ਮਰਦਾਂਪੁਰ
ਘਨੌਰ, 26 ਜੂਨ
ਇਸ ਖੇਤਰ ਵਿੱਚੋਂ ਗੁਜ਼ਰਦੀ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚੋਂ ਨਿਕਲਦੇ ਅਰਨੋਲੀ ਰਜਵਾਹੇ ’ਤੇ ਪਿੰਡ ਸੀਲ ਨੇੜੇ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ਨਹਿਰੀ ਪਾਣੀ ’ਤੇ ਆਧਾਰਿਤ ਬਣਾਉਟੀ ਰੀਚਾਰਜ ਢਾਂਚਾ ਪ੍ਰਾਜੈਕਟ ਤਿੰਨ ਸਾਲ ਤੋਂ ਬੰਦ ਹੋਣ ਪਿਆ ਹੈ। ਕਿਸਾਨਾਂ ਨੇ ਇਸ ਨੂੰ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਕਰੀਬ ਇੱਕ ਦਹਾਕਾ ਪਹਿਲਾਂ ਜਲ ਸਰੋਤ ਵਿਭਾਗ ਵੱਲੋਂ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਪਿੰਡ ਸੀਲ ਨੇੜਿਉਂ ਲੰਘਦੇ ਅਰਨੋਲੀ ਰਜਵਾਹੇ ’ਤੇ ਨਬਾਰਡ ਦੀ ਸਹਾਇਤਾ ਨਾਲ 9 ਕਰੋੜ 14 ਲੱਖ ਰੁਪਏ ਖਰਚ ਕੇ ਨਹਿਰੀ ਪਾਣੀ ’ਤੇ ਅਧਾਰਿਤ ਕਰੀਬ ਇੱਕ ਏਕੜ ਜ਼ਮੀਨ ਵਿੱਚ ਬਣਾਉਟੀ ਰੀਚਾਰਜ ਢਾਂਚਾ ਪ੍ਰਾਜੈਕਟ ਉਸਾਰਿਆ ਗਿਆ ਸੀ ਜਿਸ ਤੋਂ ਖੂਹਾਂ ਰਾਹੀਂ ਨਹਿਰੀ ਪਾਣੀ ਫਿਲਟਰ ਹੋ ਕੇ ਧਰਤੀ ਵਿੱਚ ਜਾਂਦਾ ਸੀ ਪਰ ਇਹ ਤਿੰਨ ਸਾਲ ਤੋਂ ਬੰਦ ਪਿਆ ਹੈ।
ਨੇੜਲੇ ਪਿੰਡਾਂ ਦੇ ਕਿਸਾਨਾਂ ਧਰਮਪਾਲ ਸਿੰਘ ਸੀਲ, ਕਿਰਤਪਾਲ ਸਿੰਘ, ਗੁਰਚਰਨ ਸਿੰਘ, ਗੁਰਦੇਵ ਸਿੰਘ ਅਤੇ ਨੰਬਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਇਹ ਪ੍ਰਾਜੈਕਟ ਠੀਕ ਕੰਮ ਕਰ ਰਿਹਾ ਸੀ ਉਦੋਂ ਉਨ੍ਹਾਂ ਦੇ ਟਿਊਬਵੈੱਲਾਂ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਤਿੰਨ ਤੋਂ ਚਾਰ ਫੁੱਟ ਉੱਚਾ ਚਲਾ ਜਾਂਦਾ ਸੀ ਪ੍ਰੰਤੂ ਹੁਣ ਤਿੰਨ ਸਾਲ ਤੋਂ ਇਸ ਪ੍ਰਾਜੈਕਟ ਦੇ ਬੰਦ ਹੋਣ ਨਾਲ ਟਿਊਬਵੈੱਲਾਂ ਦੇ ਪਾਣੀ ਦਾ ਪੱਧਰ ਨੀਂਵਾ ਚਲਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰਾਜੈਕਟ ਨੂੰ ਮੁੜ ਚਾਲੂ ਕਰਵਾਉਣ ਲਈ ਉਹ ਪਿਛਲੇ ਤਿੰਨ ਸਾਲਾਂ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਤੋਂ ਇਲਾਵਾ ਜਲ ਸਰੋਤ ਵਿਭਾਗ ਦੇ ਐਕਸੀਅਨ ਤੇ ਹੋਰਨਾਂ ਅਧਿਕਾਰੀਆਂ ਕੋਲ ਪਹੁੰਚ ਕਰ ਚੁੱਕੇ ਹਨ ਪ੍ਰੰਤੂ ਇਸ ਦੇ ਬਾਵਜੂਦ ਪ੍ਰਾਜੈਕਟ ਨੂੰ ਚਾਲੂ ਨਹੀਂ ਕੀਤਾ ਗਿਆ।
ਉਨ੍ਹਾਂ ਮੰਗ ਕੀਤੀ ਇਸ ਪ੍ਰਾਜੈਕਟ ਨੂੰ ਤੁਰੰਤ ਚਾਲੂ ਕੀਤਾ ਜਾਵੇ। ਇਸ ਸਬੰਧੀ ਜਲ ਸਰੋਤ ਵਿਭਾਗ ਦੇ ਐੱਸਡੀਓ ਗੁਰਪ੍ਰੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਬੰਦ ਪਏ ਨਹਿਰੀ ਪਾਣੀ ’ਤੇ ਅਧਾਰਿਤ ਬਣਾਉਟੀ ਰਿਚਾਰਜ ਢਾਂਚਾ ਪ੍ਰਾਜੈਕਟ ਦਾ ਉਹ ਖੁਦ ਨਿਰੀਖਣ ਕਰਨਗੇ ਅਤੇ ਇਸ ਦੇ ਰਿਚਾਰਜ ਸਬੰਧੀ ਫਿਲਟਰਾਂ ਦੀ ਸਫਾਈ ਦਾ ਅਸਟੀਮੇਟ ਬਣਾ ਕੇ ਇਸ ਨੂੰ ਜਲਦੀ ਚਾਲੂ ਕਰਵਾਇਆ ਜਾਵੇਗਾ।