ਪੱਤਰ ਪ੍ਰੇਰਕ
ਦੇਵੀਗੜ੍ਹ, 17 ਫਰਵਰੀ
ਇਥੇ ਅੱਜ ਕਸਬਾ ਦੇਵੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਪਣੇ ਸਾਥੀਆਂ ਨਾਲ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਿਆ ਤਾਂ ਉਹ ਹਲਕਾ ਸਨੌਰ ਦਾ ਵੱਧ ਤੋਂ ਵੱਧ ਵਿਕਾਸ ਕਰਵਾਉਣਗੇ ਅਤੇ ਹਲਕੇ ਵਿੱਚ ਵੇਰਕਾ ਮਿਲਕ ਪਲਾਂਟ ਦਾ ਪ੍ਰਾਜੈਕਟ ਲੈ ਕੇ ਆਉਣਗੇ, ਜਿਸ ਨਾਂਲ ਸਿੱਧੇ ਤੌਰ ’ਤੇ ਹਲਕੇ ਦੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸੇ ਤਰ੍ਹਾਂ ਹਲਕਾ ਸਨੌਰ ਤੋਂ ਸੰਯੁਕਤ ਸਮਾਜ ਮੋਰਚੇ ਦੇ ਸਾਂਝੇ ਉਮੀਦਵਾਰ ਬੂਟਾ ਸਿੰਘ ਸ਼ਾਦੀਪੁਰ ਨੇ ਸੈਂਕੜੇ ਟਰੈਕਟਰਾਂ ਨਾਲ ਦੇਵੀਗੜ੍ਹ ਤੇ ਆਸ-ਪਾਸ ਦੇ ਪਿੰਡਾਂ ’ਚ ਟਰੈਕਟਰ ਰੋਡ ਸ਼ੋਅ ਕੱਢਿਆ, ਜਿਸ ਨੂੰ ਹਰੀ ਝੰਡੀ ਦੇ ਕੇ ਹਿੰਦੂ, ਮੁਸਲਿਮ ਤੇ ਸਿੱਖ ਧਰਮਾਂ ਦੇ ਤਿੰਨ ਵਿਅਕਤੀਆਂ ਨੇ ਰਵਾਨਾ ਕੀਤਾ ਅਤੇ ਹਿੰਦੂ, ਮੁਸਲਿਮ, ਸਿੱਖ ਇਸਾਈ ਸਾਰੇ ਹਨ ਭਾਈ ਭਾਈ ਦੇ ਨਾਅਰੇ ਲਗਾਏ। ਇਹ ਰੋਡ ਸ਼ੋਅ ਭੁਨਰਹੇੜੀ ਤੋਂ ਸ਼ੁਰੂ ਹੋ ਕੇ ਦੇਵੀਗੜ੍ਹ, ਆਸ-ਪਾਸ ਦੇ ਪਿੰਡਾਂ, ਸਨੌਰ ਅਤੇ ਬਲਬੇੜਾ ਹੁੰਦਾ ਹੋਇਆ ਵਾਪਸ ਭੁਨਰਹੇੜੀ ਆ ਕੇ ਸਮਾਪਤ ਹੋਇਆ।
ਦਵਿੰਦਰ ਸਿੰਘ ਮਾੜੂ ‘ਆਪ’ ’ਚ ਸ਼ਾਮਲ
ਦੇਵੀਗੜ੍ਹ: ਇਥੇ ਪਿੰਡ ਮਾੜੂ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਮਾੜੂ ਆਪਣੇ ਸਾਥੀਆਂ ਸਣੇ ‘ਆਪ’ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਸਨੌਰ ਦੇ ‘ਆਪ’ ਉਮੀਦਵਾਰ ਹਰਮੀਤ ਸਿੰਘ ਪਠਾਨਮਾਜਰਾ ਨੇ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਦਵਿੰਦਰ ਸਿੰਘ ਮਾੜੂ ਨਾਲ ਜਿਹੜੇ ਵਰਕਰ ‘ਆਪ’ ’ਚ ਸ਼ਾਮਲ ਹੋਏ ਹਨ, ਉਨ੍ਹਾਂ ਵਿੱਚ ਜਸਵਿੰਦਰ ਸਿੰਘ ਟਿਵਾਣਾ ਸਰਪੰਚ, ਗੁਰਿੰਦਰ ਸਿੰਘ ਸਾਬਕਾ ਸਰਪੰਚ ਟਿਵਾਣਾ, ਅਵਤਾਰ ਸਿੰਘ ਸਾਬਕਾ ਸਰਪੰਚ ਖਾਲਸਪੁਰ, ਅੰਗਰੇਜ਼ ਸਿੰਘ ਸਾਬਕਾ ਸਰਪੰਚ ਮਾੜੂ, ਭੋਲਾ ਸਿੰਘ ਸਾਬਕਾ ਸਰਪੰਚ ਟਿਵਾਣਾ ਅਤੇ ਹੋਰ ਆਗੂ ਸ਼ਾਮਲ ਹਨ। -ਪੱਤਰ ਪ੍ਰੇਰਕ