ਪੱਤਰ ਪ੍ਰੇਰਕ
ਪਟਿਆਲਾ, 30 ਜੂਨ
ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਦੇ ਗੁਪਤ ਸਿਆਸੀ ਗੱਠਜੋੜ ਦਾ ‘ਆਪ’ ਦੀ ਸਰਕਾਰ ਆਉਣ ’ਤੇ ਭਾਂਡਾ ਭੰਨਿਆ ਜਾਵੇਗਾ ਤੇ ਪਿਛਲੇ 20 ਸਾਲਾਂ ਵਿੱਚ ਇਨ੍ਹਾਂ ਦੋ ਪਰਿਵਾਰਾਂ ਵੱਲੋਂ ਪੰਜਾਬ ਨੂੰ ਲੁੱਟਣ ਦਾ ਪੂਰਾ ਹਿਸਾਬ ਲਿਆ ਜਾਵੇਗਾ। ਇਨ੍ਹਾਂ ਆਗੂਆਂ ਦੀਆਂ ਜਾਇਦਾਦਾਂ ਦੀ ਪੜਤਾਲ ਕਰ ਕੇ ਹਿਸਾਬ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਧਰਨੇ ’ਤੇ ਬੈਠੇ ਈਟੀਟੀ ਅਧਿਆਪਕਾਂ ਦੀ ਹਮਾਇਤ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਆਖਿਆ ਕਿ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨ ਪੰਜਾਬੀਆਂ ਨੂੰ 300 ਯੂਨਿਟ ਤੱਕ ਬਿਜਲੀ ਮੁਆਫ਼ ਕਰਨ ਦੇ ਐਲਾਨ ’ਤੇ ਅਕਾਲੀ ਤੇ ਕਾਂਗਰਸੀ ਬੁਖਲਾ ਗਏ, ਜਿਸ ਤੋਂ ਹਰ ਵਿਅਕਤੀ ਅੰਦਾਜ਼ਾ ਲਾ ਸਕਦਾ ਹੈ ਕਿ ਇਹ ਪਾਰਟੀਆਂ ਮਿਲ ਕੇ ਪਾਰੀ ਖੇਡ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਉਨ੍ਹਾਂ ਦੇ ਸ਼ਹਿਰ ’ਚ ਈਟੀਟੀ ਅਧਿਆਪਕ ਦਰ ਦਰ ਭਟਕ ਰਹੇ ਹਨ ਤੇ ਪੁਲੀਸ ਉਨ੍ਹਾਂ ’ਤੇ ਡਾਂਗਾਂ ਵਰ੍ਹਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਘਰ ਘਰ ਨੌਕਰੀ ਦੇਣ ਦਾ ਵਾਅਦਾ ਵੀ ਯਾਦ ਕਰਵਾਇਆ। ਇਸ ਮੌਕੇ ਕੁੰਦਨ ਗੋਗੀਆ, ਮੇਘ ਚੰਦ ਸ਼ੇਰਮਾਜਰਾ, ਤੇਜਿੰਦਰ ਮਹਿਤਾ, ਪ੍ਰਿੰਸੀਪਲ ਜੇਪੀ ਸਿੰਘ, ਮੇਜਰ ਮਲਹੋਤਰਾ, ਪ੍ਰੀਤੀ ਮਲਹੋਤਰਾ ਹਾਜ਼ਰ ਸਨ।