ਸਰਬਜੀਤ ਸਿੰਘ ਭੰਗੂ/ਮੁਖਤਿਆਰ ਸਿੰਘ ਨੌਗਾਵਾਂ
ਪਟਿਆਲਾ/ਦੇਵੀਗੜ੍ਹ, 30 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਦੇਵੀਗੜ੍ਹ ਵਿਖੇ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀ ਮਾਨ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਭਾਵੇਂ ਅਜੇ ਸਨੌਰ ਤੋਂ ਕਾਂਗਰਸ ਦੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ ਪਰ ਨਵਜੋਤ ਸਿੰਘ ਸਿੱਧੂ ਨੇ ਅਸਿੱਧੇ ਢੰਗ ਨਾਲ ਹੈਰੀ ਮਾਨ ਨੂੰ ਹਲਕਾ ਸਨੌਰ ਤੋਂ ਕਾਂਗਰਸ ਦਾ ਉਮੀਦਵਾਰ ਦਰਸਾਇਆ। ਇਸ ਮੌਕੇ ਉਨ੍ਹਾਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਦੀ ਵੀ ਆਲੋਚਨਾ ਕੀਤੀ। ਬਿਕਰਮ ਮਜੀਠੀਆ ਨੂੰ ਉਨ੍ਹਾਂ ਨੇ ਕਥਿਤ ਤੌਰ ’ਤੇ ਚਿੱਟੇ ਦਾ ਵਪਾਰੀ ਗਰਦਾਨਿਆ ਜਦ ਕਿ ਕੈਪਟਨ ਅਮਰਿੰਦਰ ਸਿੰਘ ਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਅਤੇ ਆਖਿਆ ਕਿ ਝੂਠੀ ਸਹੁੰ ਖਾਣ ਦੀ ਸਜ਼ਾ ਪਰਮਾਤਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੀ ਹੈ। ਸਿੱਧੂ ਦਾ ਇਹ ਵੀ ਕਹਿਣਾ ਸੀ ਕਿ ਝੂਠੀ ਸਹੁੰ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਅਜੇ ਹੋਰ ਵੀ ਵਧੇਰੇ ਸੰਤਾਪ ਭੋਗਣਾ ਪਵੇਗਾ। ਇਸ ਮੌਕੇ ਜੋਗਿੰਦਰ ਸਿੰਘ ਕਾਕੜਾ ਸਮੇਤ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ
ਜ਼ਿਕਰਯੋਗ ਹੈ ਕਿ ਹਲਕਾ ਸਨੌਰ ਤੋਂ ਟਕਸਾਲੀ ਨੇਤਾ ਲਾਲ ਸਿੰਘ ਵੀ ਟਿਕਟ ਦੇ ਦਾਅਵੇਦਾਰ ਹਨ ਪਰ ਹਾਲ ਹੀ ਵਿੱਚ ਕਾਂਗਰਸ ਹਾਈ ਕਮਾਨ ਵੱਲੋਂ ਇਕ ਪਰਿਵਾਰ ਨੂੰ ਇੱਕ ਹੀ ਟਿਕਟ ਦਿੱਤੇ ਜਾਣ ਦਾ ਫ਼ੈਸਲਾ ਲਿਆ ਹੈ ਜਿਸ ਕਾਰਨ ਲਾਲ ਸਿੰਘ ਨੂੰ ਇਸ ਦੌੜ ਵਿੱਚੋਂ ਬਾਹਰ ਸਮਝਿਆ ਜਾ ਰਿਹਾ ਹੈ ਕਿਉਂਕਿ ਲਾਲ ਸਿੰਘ ਦੇ ਫਰਜ਼ੰਦ ਕਾਕਾ ਰਜਿੰਦਰ ਸਿੰਘ ਪਿਛਲੀ ਵਾਰ ਵੀ ਸਮਾਣਾ ਤੋਂ ਵਿਧਾਇਕ ਹਨ ਅਤੇ ਐਤਕੀਂ ਵੀ ਉਹ ਸਮਾਣਾ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ।