ਸਰਬਜੀਤ ਸਿੰਘ ਭੰਗੂ
ਪਟਿਆਲਾ 3 ਸਤੰਬਰ
ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦੇਣ ਲਈ ਨਗਰ ਨਿਗਮ ਨੇ ਆਪਣੀ ਮੁਹਿੰਮ ਛੋਟੀ ਬਾਰ੍ਹਾਂਦਰੀ ਤੋਂ ਆਰੰਭ ਕੀਤੀ ਹੈ। ਟਰੈਫਿਕ ਪੁਲੀਸ ਨਾਲ ਮਿਲ ਕੇ ਚਲਾਈ ਜਾ ਰਹੀ ਇਸ ਸਾਂਝੀ ਮੁਹਿੰਮ ਨੂੰ ਸ਼ੁਰੂ ਕਰਨ ਤੋਂ ਠੀਕ ਪਹਿਲਾਂ ਵੀਰਵਾਰ ਨੂੰ ਨਿਗਮ ਦੀ ਟੀਮ ਨੇ ਸਾਰੇ ਦੁਕਾਨਦਾਰਾਂ ਨੂੰ ਦੁਕਾਨ ਦੇ ਬਾਹਰ ਦੋ ਤੋਂ ਵੱਧ ਕਾਰਾਂ ਨਾ ਖੜ੍ਹਾਉਣ ਦੀ ਚਿਤਾਵਨੀ ਦਿੱਤੀ ਹੈ। ਅਜਿਹੀ ਸੂਰਤ ਵਿੱਚ ਪੁਲੀਸ ਚਲਾਨ ਕਰੇਗੀ। ਮੇਅਰ ਸੰਜੀਵ ਬਿੱਟੂ ਅਤੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੁਕਾਨਾਂ ਦੇ ਬਾਹਰ ਕਾਰਾਂ ਖੜ੍ਹਾਉਣ ਦੀ ਕਾਰਵਾਈ ਨਿਯਮਾਂ ਦਾ ਉਲੰਘਣ ਹੈ।
ਛੋਟੀ ਬਾਰ੍ਹਾਂਦਰੀ ਮਾਰਕੀਟ ਪਹਿਲਾਂ ਇੰਪਰੂਵਮੈਂਟ ਟਰੱਸਟ ਕੋਲ ਸੀ ਪਰ ਸਾਲ 2011 ’ਚ ਨਿਗਮ ਨੂੰ ਸੌਂਪ ਦਿੱਤੀ ਸੀ। ਤਿੰਨ ਮੰਜ਼ਿਲਾ ਕੰਪਲੈਕਸ ਤੋਂ ਬਿਨਾਂ ਕਾਰ ਮਾਰਕੀਟ ਵਿੱਚ 150 ਦੁਕਾਨਾਂ ਵੀ ਸਥਾਪਤ ਕੀਤੀਆਂ ਗਈਆਂ ਹਨ ਪਰ ਇਹ ਮਾਰਕੀਟ ਕਾਰ ਬਾਜ਼ਾਰ ਵਿੱਚ ਤਬਦੀਲ ਹੁੰਦੀ ਚਲੀ ਗਈ ਤੇ ਬੂਥ ਮਾਲਕ ਇਸ ਕੰਪਲੈਕਸ ਦੀ ਮੁੱਖ ਪਾਰਕਿੰਗ ਵਾਲੀ ਥਾਂ ’ਤੇ ਪੰਜ ਤੋਂ ਦਸ ਕਾਰਾਂ ਖੜ੍ਹੀਆਂ ਕਰਨਾ ਆਪਣਾ ਅਧਿਕਾਰ ਸਮਝਦੇ ਹਨ।
ਕਾਰ ਮਾਰਕੀਟ ਦੇ ਦੁਕਾਨਦਾਰਾਂ ਨੇ ਕਈ ਫੁੱਟਪਾਥਾਂ ਨੂੰ ਵੀ ਕਬਜ਼ੇ ਵਿੱਚ ਲਿਆ ਹੋਇਆ ਹੈ ਜਿਸ ਕਾਰਨ ਦੁਕਾਨਦਾਰਾਂ, ਐੱਸਸੀਓ ਮਾਲਕਾਂ ਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਡਾਢੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਮਾਰਕੀਟ ਵਿੱਚ ਬਹੁਤ ਸਾਰੀਆਂ ਨਿੱਜੀ ਵਿੱਦਿਅਕ ਸੰਸਥਾਵਾਂ ਹਨ ਜਿਸ ਕਾਰਨ ਉਨ੍ਹਾਂ ਦੇ ਬਾਹਰ ਪਾਰਕਿੰਗ ਲਈ ਜਗ੍ਹਾ ਨਹੀਂ ਬੱਚ ਰਹੀ।
ਉੱਧਰ, ਨਿਗਮ ਦੀ ਲੈਂਡ ਬ੍ਰਾਂਚ ਦੇ ਇੰਚਾਰਜ ਸੁਰਜੀਤ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਕਾਰ ਮਾਰਕਿਟ ਵਜੋਂ ਵਰਤੀ ਜਾ ਰਹੀ ਥਾਂ ਸਾਂਝੀ ਪਾਰਕਿੰਗ ਦੀ ਸੀ। ਛੋਟਾ ਬਾਰ੍ਹਾਂਦਰੀ ਦੇ ਇਕ ਦੁਕਾਨਦਾਰ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਐੱਚਡੀਐੱਫਸੀ ਬੈਂਕ ਦੇ ਪਿਛਲੇ ਪਾਸੇ ਸਥਿਤ ਨਿਗਮ ਦੇ ਪਾਰਕ ’ਤੇ ਕਾਰ ਮਾਰਕੀਟ ਦੇ ਦੁਕਾਨਦਾਰਾਂ ਨੇ ਕਬਜ਼ਾ ਕੀਤਾ ਹੋਇਆ ਹੈ।