ਪੱਤਰ ਪ੍ਰੇਰਕ
ਦੇਵੀਗੜ੍ਹ, 24 ਮਈ
ਥਾਣਾ ਜੁਲਕਾਂ ਵਿੱਚ ਇੱਕ ਦੋਸਤ ਵਲੋਂ ਦੂਜੇ ਦੋਸਤ ਨੂੰ ਸਲਫਾਸ ਦੀਆਂ ਗੋਲੀਆਂ ਖਾਣ ਲਈ ਉਕਸਾਉਣ ਦੇ ਦੋਸ਼ ਵਿੱਚ ਦੂਜੇ ਦੋਸਤ ਦੇ ਖਿਲਾਫ ਕੇਸ ਦਰਜ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜੁਲਕਾਂ ਦੀ ਪੁਲੀਸ ਨੇ ਦੱਸਿਆ ਕਿ ਪਿੰਡ ਰੌਹੜ ਜਾਗੀਰ ਦੇ ਗੁਰਮੀਤ ਸਿੰਘ ਪੁੱਤਰ ਦਿਆਲ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਸੇ ਪਿੰਡ ਦਾ ਦਿਲਬਾਗ ਸਿੰਘ ਉਸ ਦੇ ਲੜਕੇ ਜਸਪ੍ਰੀਤ ਸਿੰਘ ਦਾ ਦੋਸਤ ਹੈ, ਇਨ੍ਹਾਂ ਦੋਵਾਂ ਨੂੰ 20 ਮਈ ਨੂੰ ਉਨ੍ਹਾਂ ਦੇ ਕਿਸੇ ਦੋਸਤ ਨੇ ਲੜਕੀਆਂ ਨਾਲ ਘੁੰਮਦੇ ਕਿਤੇ ਵੇਖ ਲਿਆ ਸੀ। ਇਸ ਗੱਲ ਦਾ ਪਤਾ ਜਦੋਂ ਜਸਪ੍ਰੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੂੰ ਲੱਗਾ ਤਾਂ ਉਸ ਨੇ ਦਿਲਬਾਗ ਸਿੰਘ ਨੂੰ ਝਿੜਕ ਦਿੱਤਾ ਜਿਸ ਕਰਕੇ 22 ਮਈ ਨੂੰ ਸ਼ਾਮ 7 ਵਜੇ ਦੋਸ਼ੀ ਉਸ ਦੀ ਮੋਟਰ ’ਤੇ ਉਸ ਦੇ ਲੜਕੇ ਪਾਸ ਆਇਆ ਤੇ ਕਿਹਾ ਕਿ ਉਸ ਦੇ ਪਿਤਾ ਨੂੰ ਲੜਕੀਆਂ ਨਾਲ ਘੁੰਮਣ ਵਾਲੀ ਗੱਲ ਦਾ ਪਤਾ ਲੱਗਾ ਹੈ ਅਤੇ ਹੁਣ ਆਪਣੀ ਬਦਨਾਮੀ ਹੋਵੇਗੀ। ਇਸ ਕਰਕੇ ਆਪਾਂ ਦੋਵੇਂ ਜ਼ਹਿਰ ਖਾ ਲੈਂਦੇ ਹਾਂ। ਇਸ ਦੌਰਾਨ ਦਿਲਬਾਗ ਸਿੰਘ ਨੇ ਉਸ ਦੇ ਲੜਕੇ ਜਸਪ੍ਰੀਤ ਸਿੰਘ ਨੂੰ ਸਲਫਾਸ ਦੀਆਂ ਗੋਲੀਆਂ ਦੇ ਦਿੱਤੀਆਂ ਅਤੇ ਆਪ ਉਸ ਨੂੰ ਕਿਹਾ ਕਿ ਉਹ ਘਰ ਜਾ ਕੇ ਸਲਫਾਸ ਦੀਆਂ ਗੋਲੀਆਂ ਖਾਵੇਗਾ। ਇਸ ਤਰ੍ਹਾਂ ਦਿਲਬਾਗ ਸਿੰਘ ਵੱਲੋਂ ਉਸ ਦੇ ਲੜਕੇ ਨੂੰ ਗੋਲੀਆਂ ਖਾਣ ਲਈ ਉਕਸਾਉਣ ਕਰਕੇ ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਮੁਦਈ ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਦਿਲਬਾਗ ਸਿੰਘ ਸਪੁੱਤਰ ਗੁਰਚਰਨ ਸਿੰਘ ਵਾਸੀ ਰੌਹੜ ਜਾਗੀਰ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।