ਖੇਤਰੀ ਪ੍ਰਤੀਨਿਧ
ਪਟਿਆਲਾ, 15 ਜੂਨ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਜਾਂ ਕੋਈ ਹੋਰ ਰਾਹਤ ਪੈਕੇਜ ਤਾਂ ਕੀ ਦੇਣਾ ਸੀ, ਉਲਟਾ ਕੋਵਿਡ ਦਵਾਈਆਂ ਅਤੇ ਉਪਕਰਨਾਂ ’ਤੇ ਜੀਐੱਸਟੀ ਲਗਾ ਕੇ ਕਰੋਨਾ ਪੀੜਤਾਂ ਤੋਂ ਕਮਾਈ ਕੀਤੀ ਜਾ ਰਹੀ ਹੈ। ਹੁਣ ਮਮੂਲੀ ਦਰਾਂ ਘਟਾ ਕੇ ਕੇਵਲ ਖਾਨਾਪੂਰਤੀ ਕੀਤੀ ਗਈ ਹੈ। ਇੱਥੇ ਜਾਰੀ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਦੌਰਾਨ ਆਕਸੀਮੀਟਰ, ਵੈਂਟੀਲੇਟਰ, ਰੈਮਡੇਸਿਵਿਰ, ਬਾਇਪੈਪ ਮਸ਼ੀਨ ਤੇ ਨੇਜ਼ਲ ਕੈਨੁਲਾ, ਕੋਵਿਡ ਟੈਸਟਿੰਗ ਕਿਟ ’ਤੇ 12 ਫ਼ੀਸਦੀ ਅਤੇ ਐਂਬੂਲੈਸਾਂ ’ਤੇ 28 ਫ਼ੀਸਦੀ ਜੀਐੱਸਟੀ ਲਗਾ ਕੇ ਕਰੋਨਾ ਨਾਲ ਪੀੜਤ ਲੋਕਾਂ ਨੂੰ ਲੁੱਟਿਆ ਗਿਆ। ਹੁਣ ਜਦੋਂ ਕਰੋਨਾ ਖ਼ਤਮ ਹੋਣ ਵੱਲ ਵਧ ਰਿਹਾ ਹੈ ਤਾਂ ਕਰੋਨਾ ਦਵਾਈਆਂ ਅਤੇ ਉਪਕਰਨਾਂ ’ਤੇ 7 ਫ਼ੀਸਦੀ ਜੀਐਸਟੀ ਦਰਾਂ ਘਟਾ ਕੇ ਕੋਝਾ ਮਜ਼ਾਕ ਕੀਤਾ ਹੈ।