ਖੇਤਰੀ ਪ੍ਰਤੀਨਿਧ
ਪਟਿਆਲਾ, 22 ਸਤੰਬਰ
‘ਕੌਮਾਂਤਰੀ ਸੰਕੇਤ ਭਾਸ਼ਾ ਦਿਵਸ’ ਮੌਕੇ ਸੰਕੇਤ ਭਾਸ਼ਾ ਨੂੰ ਵੀ ਸੰਵਿਧਾਨਕ ਮਾਨਤਾ ਦੇਣ ਦਾ ਮਾਮਲਾ ਉਠਾਉਂਦਿਆਂ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਹੋਰਾਂ ਆਮ ਭਾਸ਼ਾਵਾਂ ਵਾਂਗ ਸੰਕੇਤ ਭਾਸ਼ਾ ਨੂੰ ਵੀ ਭਾਰਤੀ ਸੰਵਿਧਾਨ ਵਿਚ ਥਾਂ ਦੇਵੇ। ਵਿੱਦਿਅਕ ਅਦਾਰਿਆਂ ਵਿਚ ਵੀ ਇਸ ਨੂੰ ਭਾਸ਼ਾ ਵਜੋਂ ਪੜ੍ਹਾਏ ਜਾਣ ’ਤੇ ਜ਼ੋਰ ਦਿੰਦਿਆਂ, ਉਨ੍ਹਾਂ ਇਸ ਭਾਸ਼ਾ ਵਿਚ ਹੋਰ ਵਿਸ਼ੇਸ਼ ਕੋਰਸ ਸ਼ੁਰੂ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਤਰਕ ਸੀ ਕਿ ਹਰ ਥਾਂ ਅਜਿਹੇ ਪ੍ਰਬੰਧ ਹੋਣ ਤਾਂ ਸੁਣਨ ਤੋਂ ਅਸਮਰੱਥ ਨਾਗਰਿਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਉਹ ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ‘ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼’ ਵੱਲੋਂ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨਾਲ਼ ਮਿਲਕੇ ‘ਕੌਮਾਂਤਰੀ ਸੰਕੇਤ ਭਾਸ਼ਾ ਦਿਵਸ’ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਚੰਨੀ ਦੇ ਵਿਵਾਦ ਉੱਤੇ ਚੁੱਪੀ ਵੱਟੀ
ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਹੁੰਦਿਆਂ, ਕੁਝ ਸਮਾਂ ਪਹਿਲਾਂ ਛਿੜੇ ਮੈਸੇਜ ਵਿਵਾਦ ਦੌਰਾਨ ਧਰਨੇ ਦੇਣ ਦਾ ਐਲਾਨ ਕਰਨ ਵਾਲੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਚੁੱਪੀ ਵੱਟੀ ਰੱਖੀ। ਬਲਕਿ ਇਸ ਸਬੰਧੀ ਕੀਤੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਉਹ ਟਲ਼ਦੇ ਰਹੇ।