ਮੁਖਤਿਆਰ ਸਿੰਘ ਨੋਗਾਵਾਂ
ਦੇਵੀਗੜ੍ਹ, 1 ਨਵੰਬਰ
ਮੁੱਖ ਅੰਸ਼
- ਸੰਸਦ ਮੈਂਬਰ ਪ੍ਰਨੀਤ ਕੌਰ, ਮੇਅਰ ਸੰਜੀਵ ਬਿੱਟੂ, ਕਿਸਾਨ ਆਗੂ ਸੁਖਵਿੰਦਰ ਸਿੰਘ ਤੁੱਲੇਵਾਲ ਸਣੇ ਇਲਾਕੇ ਦੇ ਦੁਕਾਨਦਾਰ ਪੀੜਤ ਪਰਿਵਾਰ ਦੇ ਹੱਕ ’ਚ ਨਿੱਤਰੇ
- ਪਟਿਆਲਾ-ਪਹੇਵਾ ਸੜਕ ’ਤੇ ਚਾਰ ਘੰਟੇ ਆਵਾਜਾਈ ਰੋਕੀ
ਇੱਥੋਂ ਥੋੜੀ ਦੂਰ ਕਸਬਾ ਭੁਨਰਹੇੜੀ ਵਿੱਚ ਕਮਰਸ਼ੀਅਲ ਪਲਾਟ ਦੇ ਝਗੜੇ ਨੂੰ ਲੈ ਕੇ ਅੱਜ ਪੀੜਤ ਪਰਿਵਾਰ ਵੱਲੋਂ ਪਟਿਆਲਾ-ਪਹੇਵਾ ਵਾਇਆ ਦੇਵੀਗੜ੍ਹ ਸੜਕ ’ਤੇ 4 ਘੰਟੇ ਜਾਮ ਲਾਇਆ ਗਿਆ। ਇਸ ਜਾਮ ਵਿੱਚ ਮਹੇਸ਼ ਨਾਗਪਾਲ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਾਥ ਦੇਣ ਲਈ ਸੰਸਦ ਮੈਂਬਰ ਪ੍ਰਨੀਤ ਕੌਰ, ਮੇਅਰ ਪਟਿਆਲਾ ਸੰਜੀਵ ਬਿੱਟੂ, ਕੇ.ਕੇ. ਮਲਹੋਤਰਾ, ਕਿਸਾਨ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਤੁੱਲੇਵਾਲ ਅਤੇ ਸਥਾਨਕ ਦੁਕਾਨਦਾਰ ਸ਼ਾਮਲ ਹੋਏ।
ਇਸ ਝਗੜੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹੇਸ਼ ਨਾਗਪਾਲ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਇਸ ਥਾਂ ’ਤੇ ਕਈ ਦਹਾਕਿਆਂ ਤੋਂ ਰਹਿ ਰਿਹਾ ਹੈ ਅਤੇ ਇਹ ਜਗ੍ਹਾ ਉਨ੍ਹਾਂ ਨੇ ਖਰੀਦੀ ਹੋਈ ਸੀ। ਇਹ ਥਾਂ ਕਸਬੇ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਹੈ। ਇਸ ਜਗ੍ਹਾ ਦੇ ਸਾਰੇ ਪਾਸੇ ਉਨ੍ਹਾਂ ਕੋਲ ਲਿਖਤ ਵਿੱਚ ਹਨ ਪਰ ਪਿੰਡ ਬਡਲੀ ਤੇ ਭੱਟੀਆਂ ਦੇ ਕੁਝ ਲੋਕ ਇਸ ਕੀਮਤੀ ਜਗ੍ਹਾ ਨੂੰ ਆਪਣੀ ਦੱਸ ਰਹੇ ਹਨ ਤੇ ਦੋ ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਜਗ੍ਹਾ ’ਤੇ ਉਨ੍ਹਾਂ ਨੇ ਇਕ ਬੈਂਕ ਨੂੰ ਵੀ ਬਿਲਡਿੰਗ ਬਣਾ ਕੇ ਦਿੱਤੀ ਸੀ ਜੋ ਕੇ ਕਈ ਦਹਾਕੇ ਇਥੇ ਚੱਲਦਾ ਰਿਹਾ। ਉਨ੍ਹਾਂ ਦੱਸਿਆ ਕਿ ਕਥਿਤ ਧੱਕਾ ਕਰਨ ਵਾਲੀ ਧਿਰ ਨੇ ਜੋ ਕੇਸ ਅਦਾਲਤ ਵਿੱਚ ਕੀਤਾ ਸੀ, ਉਹ ਅੱਠ ਸਾਲ ਚੱਲਿਆ ਅਤੇ ਕੋਰਟ ਨੇ ਇਸ ਜਗ੍ਹਾ ’ਤੇ ਸਟੇਅ ਲਗਾ ਦਿੱਤਾ ਸੀ। ਅੱਠ ਸਾਲ ਬਾਅਦ ਇਹ ਕੇਸ ਅਦਾਲਤ ਨੇ ਡਿਸਮਿਸ ਕਰ ਦਿੱਤਾ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਦੂਜੀ ਧਿਰ ਨੇ ਇਸ ਜਗ੍ਹਾ ’ਤੇ ਕਬਜ਼ਾ ਸ਼ੋਅ ਕਰਨ ਲਈ ਮੁੜ ਇਸ ਥਾਂ ’ਤੇ 30 ਅਕਤੂਬਰ ਸ਼ਾਮ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੇਟ ਪੁੱਟ ਦਿੱਤੇ ਅਤੇ ਸਾਮਾਨ ਟਰਾਲੀਆਂ ਵਿੱਚ ਲੱਦ ਲਿਆ। ਸੂਚਨਾ ਮਿਲਣ ’ਤੇ ਉਹ ਇਸ ਥਾਂ ’ਤੇ ਪਹੁੰਚੇ ਅਤੇ ਕਬਜ਼ਾ ਕਰਨ ਵਾਲੇ ਆਪਣੀਆਂ ਟਰਾਲੀਆਂ ਉੱਥੇ ਹੀ ਛੱਡ ਕੇ ਭੱਜ ਗਏ। ਇਨ੍ਹਾਂ ਟਰਾਲੀਆਂ ਨੂੰ ਪੁਲੀਸ ਚੌਕੀ ਪਹੁੰਚਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਚੌਕੀ ਨੇ ਅਗਲੇ ਦਿਨ ਇਨ੍ਹਾਂ ਟਰਾਲੀਆਂ ਨੂੰ ਛੱਡ ਦਿੱਤਾ। ਇਸ ਕਥਿਤ ਧੱਕੇ ਨੂੰ ਰੋਕਣ ਲਈ ਨਾਗਪਾਲ ਪਰਿਵਾਰ ਨੇ ਅੱਜ ਕਸਬੇ ਦੇ ਦੁਕਾਨਦਾਰਾਂ ਦੀ ਮਦਦ ਨਾਲ ਜਾਮ ਲਗਾ ਦਿੱਤਾ।
ਡੀਐੱਸਪੀ ਨੇ ਇਨਸਾਫ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ
ਡੀ.ਐੱਸ.ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਨਾਗਪਾਲ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ 2 ਨਵੰਬਰ ਤੱਕ ਇਸ ਮਸਲੇ ਦਾ ਹੱਲ ਕੱਢ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਗਪਾਲ ਪਰਿਵਾਰ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮਗਰੋਂ ਸੜਕ ਜਾਮ ਨੂੰ ਖੋਲ੍ਹ ਦਿੱਤਾ ਗਿਆ। ਇਸ ਜਾਮ ਮੌਕੇ ਨਾਗਪਾਲ ਪਰਿਵਾਰ ਨਾਲ ਹੋ ਰਹੀ ਕਥਿਤ ਧੱਕੇਸ਼ਾਹੀ ਦਾ ਇਨਸਾਫ ਦਿਵਾਉਣ ਲਈ ਸੰਸਦ ਮੈਂਬਰ ਪ੍ਰਨੀਤ ਕੌਰ ਮੌਕੇ ’ਤੇ ਪਹੁੰਚੇ ਅਤੇ ਕਬਜ਼ੇ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਇਸ ਮੌਕੇ ਪੀੜਤ ਪਰਿਵਾਰ ਨੇ ਇਸ ਕਥਿਤ ਧੱਕੇਸ਼ਾਹੀ ਵਿਰੁੱਧ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।