ਨਿੱਜੀ ਪੱਤਰ ਪ੍ਰੇਰਕ
ਨਾਭਾ, 9 ਮਈ
ਇੱਥੇ ਅੱਜ ਟੈਂਪੂ ਯੂਨੀਅਨ ਵੱਲੋਂ ਨਾਭਾ-ਪਟਿਆਲਾ ਸੜਕ ’ਤੇ ਟੈਂਪੂ ਖੜ੍ਹੇ ਕਰ ਕੇ ਜਾਮ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਜੁਗਾੜੂ ਰੇਹੜੀਆਂ ਬੰਦ ਕਰਨ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਟੈਂਪੂ ਚਾਲਕਾਂ ਨੂੰ ਕੰਮ ਮਿਲੇ ਨਾ ਮਿਲੇ ਪਰ ਉਨ੍ਹਾਂ ਨੂੰ ਟੈਕਸ ਜਮ੍ਹਾਂ ਕਰਾਉਣਾ ਹੀ ਪੈਂਦਾ ਹੈ ਪਰ ਇਹ ਰੇਹੜੀਆਂ ਬਿਨਾਂ ਕਿਸੇ ਟੈਕਸ ਸਿਸਟਮ ਦੇ ਘੱਟ ਪੈਸਿਆਂ ’ਚ ਦੂਰ-ਦੁਰਾਡੇ ਸਾਮਾਨ ਦੀ ਢੋਆ-ਢੁਆਈ ਕਰ ਦਿੰਦੇ ਹਨ। ਦੂਜੇ ਪਾਸੇ ਟੈਂਪੂ ਉੱਪਰ ਕਈ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਹੋਣ ਕਰਕੇ ਉਨ੍ਹਾਂ ਨੂੰ ਥਾਂ-ਥਾਂ ਖੜ੍ਹਾ ਕੇ ਪੁੱਛਿਆ ਜਾਂਦਾ ਹੈ, ਉਨ੍ਹਾਂ ਨੂੰ ਇਹ ਸ਼ਰਤਾਂ ਪੂਰੀਆਂ ਕਰਦੇ ਕਰਦੇ ਕਿਰਾਏ ਭਾੜੇ ਵਧ ਜਾਂਦੇ ਹਨ। ਟੈਂਪੂ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਮੰਗ ਕੀਤੀ ਕਿ ਇਨ੍ਹਾਂ ਰੇਹੜੀਆਂ ’ਤੇ ਪਾਬੰਦੀ ਲਗਾਈ ਜਾਵੇ। ਇਸ ਮੌਕੇ ਜਥੇਬੰਦੀ ਨੇ ਇਸ ਸਬੰਧੀ ਐਸਡੀਐਮ ਨਾਭਾ ਨੂੰ ਮੰਗ ਪੱਤਰ ਦਿੱਤਾ।