ਨਿੱਜੀ ਪੱਤਰ ਪ੍ਰੇਰਕ
ਸਮਾਣਾ, 2 ਜਨਵਰੀ
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਸਮਾਣਾ ਵਾਸੀਆਂ ਨੂੰ ਨਵੇਂ ਸਾਲ ਦੇ ਤੋਹਫ਼ੇ ਵਜੋਂ ਸਮਾਣਾ ਦੇ ਪਬਲਿਕ ਕਾਲਜ ਨੂੰ ਸਰਕਾਰੀ ਕਾਲਜ ਬਣਾਉਣ ਤੇ ਸਿਵਲ ਹਸਪਤਾਲ ਨੂੰ 100 ਬਿਸਤਿਆਂ ਦਾ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਪਰ 1 ਜਨਵਰੀ ਦੀ ਕੈਬਨਿਟ ਮੀਟਿੰਗ ’ਚ ਇਹ ਦੋਵੇਂ ਮਤੇ ਨਹੀਂ ਲਿਆਂਦੇ ਗਏ, ਜਿਸ ਕਾਰਨ ਜਿੱਥੇ ਸਮਾਣਾ ਵਾਸੀ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
ਬੀਤੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮਾਣਾ ਆਏ ਸਨ। ਹਲਕਾ ਵਿਧਾਇਕ ਰਜਿੰਦਰ ਸਿੰਘ ਮੁੱਖ ਮੰਤਰੀ ਦੇ ਸਮਾਣਾ ਆਉਣ ’ਤੇ ਕਾਫ਼ੀ ਉਤਸ਼ਾਹਿਤ ਸਨ ਕਿ ਉਹ ਸਮਾਣਾ ਨੂੰ ਕੋਈ ਵੱਡੀ ਸੌਗਾਤ ਦੇ ਕੇ ਜਾਣਗੇ। ਮੁੱਖ ਮੰਤਰੀ ਦੀ ਰੈਲੀ ਲਈ ਉਨ੍ਹਾਂ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਵੀ ਕੀਤੀਆਂ ਗਈਆਂ ਤੇ ਲੋਕਾਂ ਦਾ ਵੱਡਾ ਇਕੱਠ ਵੀ ਕੀਤਾ ਗਿਆ। ਹਲਕਾ ਵਿਧਾਇਕ ਨੇ ਰੈਲੀ ਦੌਰਾਨ ਮੁੱਖ ਮੰਤਰੀ ਕੋਲੋਂ ਸਮਾਣਾ ਦੇ ਕਾਲਜ ਨੂੰ ਸਰਕਾਰੀ ਕਾਲਜ ਦਾ ਦਰਜਾ ਦੇਣ, ਸਿਵਲ ਹਸਪਤਾਲ ਨੂੰ 100 ਬਿਸਤਰਿਆਂ ਦਾ ਕਰਨ ਦੇ ਨਾਲ ਨਾਲ ਸਮਾਣਾ ਲਈ 100 ਏਕਡ ’ਚ ਫੋਕਲ ਪੁਆਇੰਟ ਬਨਾਉਣ, ਗੜ੍ਹੇ ਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ, ਸਮਾਣਾ ’ਚ ਬਣਨ ਵਾਲੀ ਓਪਨ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ, ਸਮਾਣਾ ਦੇ ਵਿਕਾਸ ਲਈ 10 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਸਮੇਤ ਅੱਧੀ ਦਰਜਨ ਤੋਂ ਵੱਧ ਮੰਗਾਂ ਰੱਖੀਆਂ ਸਨ, ਪਰ ਮੁੱਖ ਮੰਤਰੀ ਨੇ ਪਬਲਿਕ ਕਾਲਜ ਨੂੰ ਸਰਕਾਰੀ ਕਾਲਜ ਦਾ ਦਰਜਾ ਦੇਣ ਦੇ ਨਾਲ ਨਾਲ ਸਿਵਲ ਹਸਪਤਾਲ ਨੂੰ 100 ਬਿਸਤਰਿਆਂ ਦਾ ਕਰਨ ਦਾ ਐਲਾਨ ਕੀਤਾ ਸੀ ਕਿ 1 ਜਨਵਰੀ ਦੀ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਦੋਵੇਂ ਮੰਗਾਂ ਨੂੰ ਪੁਰਾ ਕਰਕੇ ਸਮਾਣਾ ਵਾਸੀਆਂ ਨੂੰ ਨਵੇਂ ਸਾਲ ਦਾ ਤੋਫ਼ਹਾ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਸਮਾਣਾ ਵਾਸੀ ਕਾਫ਼ੀ ਖੁਸ਼ ਸਨ। 1 ਜਨਵਰੀ ਦੀ ਮੀਟਿੰਗ ’ਚ ਇਹ ਦੋਵੇਂ ਮੰਗਾਂ ਦਾ ਮਤਾ ਨਾ ਲਿਆ ਕੇ ਮੁੱਖ ਮੰਤਰੀ ਨੇ ਸਮਾਣਾ ਦੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਇਸ ਬਾਰੇ ਜਦੋਂ ਹਲਕਾ ਵਿਧਾਇਕ ਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 5 ਜਨਵਰੀ ਦੀ ਮੀਟਿੰਗ ਵਿੱਚ ਦੋਵੇਂ ਮਤੇ ਪਾਸ ਹੋ ਜਾਣਗੇ।