ਪੱਤਰ ਪ੍ਰੇਰਕ
ਪਟਿਆਲਾ, 18 ਨਵੰਬਰ
ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਹਰਚੰਦ ਸਿੰਘ ਬਰਸਟ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਾਅਦੇ ਕੱਕੇ ਰੇਤੇ ਵਰਗੇ ਹਨ, ਜਿਨ੍ਹਾਂ ਦੇ ਪੂਰੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਇਕ ਪਾਸੇ ਸ੍ਰੀ ਚੰਨੀ ਲੋਕਾਂ ਨਾਲ ਵਾਅਦੇ ਕਰ ਰਹੇ ਹਨ ਦੂਜੇ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਇਹ ਵਾਅਦੇ ਪੂਰੇ ਕਰਨ ਦਾ ਸੂਤਰ ਪੁੱਛ ਰਹੇ ਹਨ, ਸਪਸ਼ਟ ਹੈ ਕਿ ਇਹ ਵਾਅਦੇ ਹਵਾ ਹੋ ਜਾਣਗੇ। ਅੱਜ ਇੱਥੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਬਰਸਟ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲਿਖਤੀ ਤੌਰ ’ਤੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਜਿਸ ਵਿਚ ਸਰਕਾਰੀ ਬੈਂਕਾਂ ਦਾ ਕਰਜ਼ਾ , ਸਹਿਕਾਰੀ ਸੁਸਾਇਟੀਆਂ ਦਾ ਕਰਜ਼ਾ, ਪ੍ਰਾਈਵੇਟ ਬੈਂਕਾਂ ਅਤੇ ਆੜ੍ਹਤੀਆਂ ਦਾ ਕਰਜ਼ਾ ਕਾਂਗਰਸ ਪਾਰਟੀ ਨੇ ਸੂਬੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਮੁਆਫ਼ ਕਰਨਾ ਸੀ। ਜੋ ਕਿ ਸਾਰਾ ਮਿਲਾ ਕੇ ਤਕਰੀਬਨ ਡੇਢ ਲੱਖ ਕਰੋੜ ਹੈ। ਇਸ ਸਬੰਧੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੋਂ ਫਾਰਮ ਵੀ ਭਰਵਾਏ ਗਏ ਅੱਜ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਿੱਚ ਦੋ ਮਹੀਨੇ ਰਹਿੰਦੇ ਹਨ ਪ੍ਰੰਤੂ ਕਾਂਗਰਸ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਬਿਜਲੀ ਮੁਆਫ਼ੀ, ਸਸਤਾ ਰੇਤ, ਲੋਕਾਂ ਨੂੰ ਮੁਫ਼ਤ ਪਲਾਟ ਦੇਣ ਆਦਿ ਦੇ ਚੰਨੀ ਦੇ ਡਰਾਮੇ ਹਨ।