ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 7 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਲਕਾ ਸਨੌਰ ਦਾ ਦੇਵੀਗੜ੍ਹ ਇਲਾਕਾ ਬਹੁਤ ਪੱਛੜਿਆ ਹੋਇਆ ਹੈ ਜਿੱਥੇ ਬਹੁਤ ਕੁਝ ਕਰਨ ਵਾਲਾ ਹੈ, ਇਸ ਲਈ ਕਾਂਗਰਸ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਉਹ ਅੱਜ ਇੱਥੇ ਹਲਕਾ ਸਨੌਰ ਤੋਂ ਕਾਂਗਰਸ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਹੱਕ ਵਿੱਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਚਰਨਜੀਤ ਸਿੰਘ ਚੰਨੀ ਨੇ ਕਿਹਾ,‘ਹਰਿੰਦਰਪਾਲ ਸਿੰਘ ਹੈਰੀਮਾਨ ਮੇਰੇ ਬਹੁਤ ਪੁਰਾਣੇ ਦੋਸਤ ਹਨ, ਇਸ ਲਈ ਇਨ੍ਹਾਂ ਦਾ ਜਿੱਤਣਾ ਬਹੁਤ ਜ਼ਰੂਰੀ ਹੈ, ਜਿੱਤਣ ਤੋਂ ਬਾਅਦ ਇਨ੍ਹਾਂ ਨੂੰ ਮੰਤਰੀ ਬਣਾਇਆ ਜਾਵੇਗਾ।’ ਇਸ ਤੋਂ ਇਲਾਵਾ ਹੈਰੀਮਾਨ ਨੇ ਇਸ ਇਲਾਕੇ ਵਿੱਚ ਘੱਗਰ ’ਤੇ ਪੁਲ, ਕਾਲਜ, ਹਸਪਤਾਲ ਨੂੰ ਅਪਗ੍ਰੇਡ ਕਰਨ ਆਦਿ ਕੰਮ ਮੁੱਖ ਮੰਤਰੀ ਨੂੰ ਕਰਨ ਲਈ ਅਪੀਲ ਕੀਤੀ ਜਿਨ੍ਹਾਂ ਨੇ ਹੈਰੀਮਾਨ ਨੂੰ ਵਿਸ਼ਵਾਸ ਦੁਆਇਆ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਹਲਕਾ ਸਨੌਰ ਵਿੱਚ ਵੱਡੀ ਕ੍ਰਾਂਤੀ ਲਿਆਂਦੀ ਜਾਵੇਗੀ। ਚੰਨੀ ਨੇ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਇਹ ਪਾਰਟੀ ਆਮ ਨਹੀਂ ਹੈ, ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੇ ਘੁਸਪੈਠ ਕੀਤੀ ਹੋਈ ਹੈ ਜੋ ਇੱਥੇ ਸਿਰਫ ਤਾਕਤ ਹਥਿਆ ਕੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ,‘ਸਾਡੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਬਿਜਲੀ ਦਾ 15 ਸੌ ਕਰੋੜ ਰੁਪਏ ਮਾਫ ਕੀਤਾ ਹੈ ਅਤੇ ਬਿਜਲੀ 3 ਰੁਪਏ ਪ੍ਰਤੀ ਯੂਨਿਟ ਸਸਤੀ ਕੀਤੀ ਹੈ, ਇਸ ਤੋਂ ਇਲਾਵਾ ਪਾਣੀ ਦੇ ਬਿੱਲ ਮਾਫ ਕੀਤੇ। ਰੇਤ ਮਾਫੀਆ ਤੇ ਟ੍ਰਾਂਸਪੋਰਟ ਨੂੰ ਨੱਥ ਪਾਈ ਅਤੇ ਬੱਸਾਂ ਥਾਣਿਆਂ ’ਚ ਖੜੀਆਂ ਕੀਤੀਆਂ।
ਕਾਂਗਰਸ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਜੇ ਕੱਲ੍ਹ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨੇ ਗਏ ਹਨ ਜਿਸ ਦਾ ਅਸਰ ਜਿਥੇ ਸਾਰੇ ਪੰਜਾਬ ਵਿੱਚ ਹੋਇਆ ਹੇ ਉਥੇ ਹੀ ਹਲਕਾ ਸਨੌਰ ਵਿੱਚ ਵੀ ਕਾਂਗਰਸ ਦੇ ਹੱਕ ਵਿੱਚ ਹਨੇਰੀ ਝੁੱਲ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦੇ ਪੂਰਾ ਮਾਣ ਹੈ ਕਿ ਉਹ ਹਿਸ ਵਾਰ ਕਾਂਗਰਸ ਦੇ ਉਮਦਵਾਰ ਨੂੰ ਹੀ ਜਿਤਾਉਣਗੇ।
ਸਮਾਣਾ (ਸੁਭਾਸ਼ ਚੰਦਰ): ਇੱਥੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਉਮੀਦਵਾਰ ਰਾਜਿੰਦਰ ਸਿੰਘ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘ਮੋਤੀ ਮਹਿਲ ਤੋਂ ਗਰੀਬ ਦੇ ਘਰ ਵੱਲ ਗੱਡੀਆਂ ਮੁੜੀਆਂ ਹਨ, ਤੁਸੀਂ ਥੋੜ੍ਹਾ ਜਿਹਾ ਧੱਕਾ ਲਗਾ ਕੇੇ ਇਹ ਗੱਡੀਆਂ ਗਰੀਬਾਂ ਦੇ ਵਿਹੜੇ ਵੱਲ ਮੋੜਣੀਆਂ ਹਨ। ਜੇ ਇਹ ਗੱਡੀਆਂ ਹੁਣ ਵੀ ਮਹਿਲਾਂ ਵੱਲ ਨੂੰ ਮੋੜ ਦਿੱਤੀਆਂ ਤਾਂ ਤੁਹਾਡੇ ਪੱਲੇ ਸਾਰੀ ਉਮਰ ਪਛਤਾਵੇ ਤੋਂ ਸਿਵਾਏ ਕੁਝ ਵੀ ਹਾਸਲ ਨਹੀਂ ਹੋਣਾ।’ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਪਿੱਠ ਵਿੱਚ ਛੁਰਾ ਮਾਰਨ ਵਾਲੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ,‘ਮੈਂ ਪਿੱਠ ’ਚ ਛੁਰਾ ਨਹੀਂ ਸਾਹਮਣੇ ਹੋ ਕੇ ਪੰਜਾਬ ਦੇ ਲੋਕਾਂ ਲਈ ਲੜਿਆ ਹਾਂ ਤੇ ਇਨ੍ਹਾਂ ਲੋਕਾਂ ਦੇ ਅਸ਼ੀਰਵਾਦ ਸਦਕਾ ਹੀ ਉਨ੍ਹਾਂ ਨੂੰ ਕੁਰਸੀ ਤੇ ਪਾਰਟੀ ਵਿੱਚੋਂ ਲਾਂਭੇ ਕਰਨ ਵਿਚ ਸਫਲ ਹੋਏ ਹਨ।’ ਉਨ੍ਹਾਂ ਕਿਹਾ ਕਿ ਸਾਰੇ ਰਲ ਮਿਲ ਕੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੁਬਾਰਾ ਬਣਾਈ ਜਾਵੇ।
ਇਸ ਮੌਕੇ ਲਾਲ ਸਿੰਘ , ਰਾਜਿੰਦਰ ਸਿੰਘ, ਜਗਤਾਰ ਸਿੰਘ ਰਾਜਲਾ , ਯਸ਼ਪਾਲ ਸਿੰਗਲਾ, ਪਵਨ ਸਾਸ਼ਤਰੀ , ਪ੍ਰਦਮਨ ਸਿੰਘ ਵਿਰਕ, ਅਸ਼ਵਨੀ ਗੁਪਤਾ, ਜੀਵਨ ਗਰਗ, ਰਾਜ ਸਚਦੇਵਾ, ਡਾ: ਪ੍ਰੇਮਪਾਲ, ਸ਼ਿਵ ਘੱਗਾ, ਪਰਮਜੀਤ ਸਿੰਘ, ਪਰਮਜੀਤ ਬੱਬੂ ਨੇ ਵੀ ਸੰਬੋਧਨ ਕੀਤਾ।