ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 18 ਅਕਤੂਬਰ
ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਕੋਵਿਡ ਟੀਕਾਕਰਨ ਦੀ ਮਹੱਤਤਾ ਨੂੰ ਉਜਾਗਰ ਕਰਨ ਅਤੇ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਰਾਜਪੁਰਾ ਸੁਪਰ ਕਿਡਜ਼ ਮੁਕਾਬਲਾ ਸਫਲਤਾ ਪੂਰਬਕ ਸਮਾਪਤ ਹੋ ਗਿਆ। ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਵੱਲੋਂ ਕਰਵਾਏ ਇਕ ਵਿਸ਼ਾਲ ਸਮਾਰੋਹ ਦੌਰਾਨ ਪੀਆਰਟੀਸੀ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਦੁਆ ਨੇ ਮੁੱਖ ਮਹਿਮਾਨ ਵਜੋਂ ਤੇ ਮਹਿੰਦਰ ਸਹਿਗਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਦੌਰਾਨ ਸ੍ਰੀ ਜੱਗਾ ਨੇ ਜੇਤੂ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਕਾਬਲੇ ਵਿਚ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੀਆਂ 2400 ਵੀਡੀਓ ਐਂਟਰੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। 30 ਜੇਤੂਆਂ ਨੂੰ ਐਂਡਰਾਈਡ ਟੈਬਲੈੱਟ ਅਤੇ 200 ਇਨਾਮ ਤਕਸੀਮ ਕੀਤੇ ਗਏ ਹਨ। ਇਸ ਮੌਕੇ ਗੁਰਿੰਦਰ ਸਿੰਘ ਦੁਆ ਨੇ ਜਗਦੀਸ਼ ਜੱਗਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਜਿੱਥੇ ਸ਼ਲਾਘਾ ਕੀਤੀ, ਉੱਥੇ ਹੀ ਟਰੱਸਟ ਲਈ ਉਨ੍ਹਾਂ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕਰਨ ਦਾ ਐਲਾਨ ਵੀ ਕੀਤਾ।