ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 12 ਜੁਲਾਈ
ਇੱਥੋਂ ਦੇ ਤਿੰਨ ਦੁਕਾਨਦਾਰਾਂ ਖ਼ਿਲਾਫ਼ ਸੂਰਜਮੁਖੀ ਦਾ ਗੈਰਮਿਆਰੀ ਬੀਜ ਵੇਚਣ ਖ਼ਿਲਾਫ਼ ਜਾਰੀ ਧਰਨੇ ਦੇ ਮੱਦੇਨਜ਼ਰ ਅੱਜ ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਅਫ਼ਸਰ ਰਾਜਪੁਰਾ ਡਾ. ਸ਼ੇਰ ਸਿੰਘ, ਡਾ. ਕਰੁਣਾ ਤੇ ਜਸਵਿੰਦਰ ਸਿੰਘ ਰੰਧਾਵਾ ਦੀ ਟੀਮ ਵੱਲੋਂ ਪੈਸਟੀਸਾਈਡ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਚਾਰ ਦੁਕਾਨਾਂ ਤੋਂ ਖਾਦ ਅਤੇ ਬੀਜ ਦੇ ਨਮੂਨੇ ਲਏ ਗਏ।
ਮੁੱਖ ਜ਼ਿਲ੍ਹਾ ਖੇਤੀਬਾੜੀ ਅਫਸਰ ਜਸਵੰਤ ਰਾਏ ਨੇ ਦੱਸਿਆ ਕਿ ਜਿਹੜੇ ਤਿੰਨ ਦੁਕਾਨਦਾਰਾਂ ਖ਼ਿਲਾਫ਼ ਸੂਰਜਮੁਖੀ ਦਾ ਗੈਰਮਿਆਰੀ ਬੀਜ ਵੇਚਣ ਤਹਿਤ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਤਿੰਨ ਦੁਕਾਨਦਾਰਾਂ ਦੇ ਬੀਜ ਵੇਚਣ ਸਬੰਧੀ ਲਾਇਸੈਂਸ ਵਿਭਾਗ ਵੱਲੋਂ ਰੱਦ ਕੀਤੇ ਗਏ ਹਨ। ਹੁਣ ਇਹ ਦੁਕਾਨਦਾਰ ਕੇਵਲ ਖਾਦ ਤੇ ਦਵਾਈਆਂ ਹੀ ਵੇਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਲਏ ਗਏ ਨਮੂਨੇ ਜਾਂਚ ਲਈ ਭੇਜੇ ਜਾਣਗੇ। ਰਿਪੋਰਟ ਆਉਣ ’ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਰੱਗ ਇੰਸਪੈਕਟਰ ਵੱਲੋਂ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ
ਧੂਰੀ (ਖੇਤਰੀ ਪ੍ਰਤੀਨਿਧ): ਡਰੱਗ ਇੰਸਪੈਕਟਰ (ਸੰਗਰੂਰ) ਨੇ ਆਪਣੀ ਟੀਮ ਨਾਲ ਅੱਜ ਸ਼ਹਿਰ ਅੰਦਰ ਸਿਵਲ ਹਸਪਤਾਲ ਨੇੜਲੀਆਂ ਦੋ ਦੁਕਾਨਾਂ ਦੀ ਚੈਕਿੰਗ ਕੀਤੀ। ਤਲਾਸ਼ੀ ਦੌਰਾਨ ਭਾਵੇਂ ਕੋਈ ਵੀ ਪਾਬੰਦੀਸ਼ੁਦਾ ਦਵਾਈ ਨਹੀਂ ਮਿਲੀ ਪਰ ਜਿਹੜੀਆਂ ਦਵਾਈਆਂ ਦਾ ਬਿੱਲ ਦੁਕਾਨਦਾਰ ਮੌਕੇ ‘ ਤੇ ਨਹੀਂ ਦਿਖਾ ਸਕੇ ਉਨ੍ਹਾਂ ਦਵਾਈਆਂ ਨੂੰ ਸੀਲ ਕਰ ਦਿੱਤਾ ਗਿਆ। ਡਰੱਗ ਇੰਸਪੈਕਟਰ ਮੈਡਮ ਸੁਧਾ ਦਹਿਲ ਨੇ ਕਿਹਾ ਕਿ ਸ਼ਿਕਾਇਤਾਂ ਦੇ ਆਧਾਰ ‘ ਤੇ ਕਾਰਵਾਈ ਕੀਤੀ ਗਈ ਹੈ , ਪਰ ਪਾਬੰਦੀਸ਼ੁਦਾ ਕੋਈ ਦਵਾਈ ਨਹੀਂ ਮਿਲੀ ਅਤੇ ਜਿਹੜੀਆਂ ਦਵਾਈਆਂ ਦਾ ਬਿੱਲ ਨਹੀਂ ਦਿਖਾਇਆ ਗਿਆ , ਉਸ ਸਬੰਧੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਦੁਕਾਨਦਾਰ ਦਾ ਕਹਿਣਾ ਸੀ ਕਿ ਤਲਾਸ਼ੀ ਦੇ ਬਾਵਜੂਦ ਕੋਈ ਸ਼ੱਕੀ ਦਵਾਈ ਨਹੀਂ ਮਿਲੀ।