ਪੱਤਰ ਪ੍ਰੇਰਕ
ਰਾਜਪੁਰਾ, 23 ਅਕਤੂਬਰ
ਇਥੋਂ ਦੇ ਸਕੂਲਜ਼ ਸਹੋਦਿਆ ਕੰਪਲੈਕਸ ਵੱਲੋਂ ਇਕੋ ਫਰੈਂਡਲੀ ਦੀਵਾਲੀ ਮਨਾਉਣ ਲਈ ਇਥੋਂ ਦੇ ਪਟੇਲ ਪਬਲਿਕ ਸਕੂਲ ਤੋਂ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੀ.ਬੀ.ਐਸ.ਈ ਬੋਰਡ ਨਾਲ ਸਬੰਧਤ ਰਾਜਪੁਰਾ ਅਤੇ ਬਨੂੜ ਦੇ ਇੱਕ ਦਰਜਨ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਾਗਰੂਕਤਾ ਰੈਲੀ ਨੂੰ ਪ੍ਰਿੰਸੀਪਲ ਛਾਇਆ ਨਰੂਲਾ ਅਤੇ ਹੋਰ ਅਧਿਆਪਕਾਂ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਰੈਲੀ ਦੀ ਅਗਵਾਈ ਐਨ.ਸੀ.ਸੀ ਦੇ ਕੈਡੇਟਾਂ ਵੱਲੋਂ ਕੀਤੀ ਗਈ। ਰੈਲੀ ਵਿੱਚ ਸ਼ਾਮਲ ਸੈਂਕੜੇ ਬੱਚਿਆਂ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਬੈਨਰਾਂ ਸਮੇਤ ਨਾਅਰੇ ਲਗਾਉਂਦੇ ਹੋਏ ਲੋਕਾਂ ਨੂੰ ਪਟਾਕਿਆਂ ਦੇ ਸ਼ੋਰ ਸ਼ਰਾਬੇ ਤੇ ਜ਼ਹਿਰੀਲੇ ਧੂੰਏਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਸੁਚੇਤ ਕੀਤਾ। ਇਹ ਰੈਲੀ ਪਟੇਲ ਕਾਲਜ ਰੋਡ, ਸ਼ਿਵਾਜੀ ਪਾਰਕ, ਗੁਰਦੁਆਰਾ ਸਿੰਘ ਸਭਾ ਰੋਡ ਸਮੇਤ ਹੋਰਨਾਂ ਕਲੋਨੀਆਂ ਤੋਂ ਹੁੰਦੀ ਹੋਈ ਪਟੇਲ ਸਕੂਲ ਵਿੱਚ ਸਮਾਪਤ ਹੋ ਗਈ।
ਦੇਵੀਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਦੇ ਵਿਦਿਆਰਥੀਆਂ ਵੱਲੋਂ ਪਿੰਡ ਵਾਸੀਆਂ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਗਿਆ। ਸਕੂਲ ਇੰਚਾਰਜ ਹਰਪ੍ਰੀਤ ਉਪਲ ਬਲਾਕ ਮਾਸਟਰ ਟਰੇਨਰ ਕੁਲਦੀਪ ਸ਼ਰਮਾ ਨੇ ਸਕੂਲੀ ਬੱਚਿਆਂ ਦੀ ਰੈਲੀ ਨੂੰ ਪਿੰਡ ਵਿੱਚ ਕੱਢਣ ਉਪਰੰਤ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਤਾਵਰਨ ਬਚਾਉਣ ਲਈ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਸਕੂਲ ਅਧਿਆਪਕ ਸਤਵਿੰਦਰ ਕੌਰ ਅਤੇ ਕਰਮਜੀਤ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਵਾਤਾਵਰਨ ਬਚਾਉਣ ਲਈ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ।