ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਜੂਨ
ਕੁਝ ਦਿਨ ਪਹਿਲਾਂ ਰਾਜਪੁਰਾ ਦੇ ਪਿੰਡ ਸ਼ਾਮਦੂ ਕੈਂਪ ’ਚ ਹੈਜ਼ਾ ਫੈਲਣ ਮਗਰੋਂ ਹੁਣ ਪਟਿਆਲਾ ਦੇ ਨਾਲ਼ ਲੱਗਦੇ ਸਰਹਿੰਦ ਰੋਡ ’ਤੇ ਸਥਿਤ ਪਿੰਡ ਝਿੱਲ ਵਿੱਚ ਵੀ ਇਸ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਹੁਣ ਤੱਕ ਪਿੰਡ ਦੇ 140 ਵਸਨੀਕ ਹੈਜ਼ੇ ਦੀ ਲਪੇਟ ਵਿੱਚ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੌਂਸਲਰ ਸੇਵਕ ਝਿੱਲ ਸਣੇ 25 ਜਣਿਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਵੀ ਦਾਖਲ ਕਰਵਾਉਣਾ ਪਿਆ ਹੈ।
ਮੁੱਢਲੇ ਤੌਰ ’ਤੇ ਪਿੰਡ ਵਿੱਚ ਹੈਜ਼ਾ ਫੈਲਣ ਦਾ ਮੁੱਖ ਕਾਰਨ ਨਗਰ ਨਿਗਮ ਪਟਿਆਲਾ ਅਧੀਨ ਆਉਂਦੀ ਪੀਣ ਵਾਲੇ ਪਾਣੀ ਦੀ ਟੈਂਕੀ ਵਿੱਚੋਂ ਆਉਂਦਾ ਪਾਣੀ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਲੋਨੀਆਂ ਦਾ ਰੂਪ ਧਾਰ ਚੁੱਕੇ ਪਿੰਡ ਝਿੱਲ ਦਾ ਵਧੇਰੇ ਹਿੱਸਾ ਨਗਰ ਨਿਗਮ ਪਟਿਆਲਾ ਦੇ ਅਧੀਨ ਆਉਂਦਾ ਹੈ ਅਤੇ ਹੈਜੇ ਦੀ ਇਹ ਸਮੱਸਿਆ ਇਸੇ ਖੇਤਰ ਦੇ ਊਧਮ ਸਿੰਘ ਨਗਰ ’ਚ ਸਾਹਮਣੇ ਆਈ ਹੈ। ਇਸ ਖੇਤਰ ਦੇ 140 ਵਸਨੀਕ ਉਲਟੀਆਂ ਤੇ ਦਸਤ ਤੋਂ ਪੀੜਤ ਹਨ, ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ, ਔਰਤਾਂ ਅਤੇ ਪੁਰਸ਼ ਸ਼ਾਮਲ ਹਨ। ਇਨ੍ਹਾਂ ਵਿੱਚੋਂ ਗੰਭੀਰ ਹਾਲਤ ਵਾਲੇ 25 ਜਣਿਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਸਮੇਤ ਹੋਰ ਵੱਖ ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਦੇਰ ਸ਼ਾਮ ਤੱਕ ਇਨ੍ਹਾਂ ਵਿੱਚੋਂ ਤਿੰਨ ਜਣਿਆਂ ਦੀ ਹਾਲਤ ਸੁਧਨ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਹੈਜ਼ੇ ਦਾ ਸ਼ਿਕਾਰ ਹੋਏ ਕਾਂਗਰਸੀ ਕੌਂਸਲਰ ਸੇਵਕ ਝਿੱਲ ਨੇ ਫੈਲੇ ਹੈਜੇ ਲਈ ਸਿੱਧੇ ਤੌਰ ’ਤੇ ਨਗਰ ਨਿਗਮ ਪਟਿਆਲਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਤਰਕ ਹੈ ਕਿ ਨਗਰ ਨਿਗਮ ਵੱਲੋਂ ਨਾ ਤਾਂ ਲੋੜੀਂਦੀ ਸਾਫ਼ ਸਫਾਈ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਵਾਲੀਆਂ ਟੈਂਕੀਆਂ ਦੀ ਸਾਫ਼ ਸਫਾਈ ਵੱਲ ਧਿਆਨ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਲੋੜੀਂਦੀ ਕਲੋਰੀਨ ਵੀ ਨਹੀਂ ਪਾਈ ਜਾਂਦੀ। ਇਸੇ ਦੌਰਾਨ ਘਟਨਾ ਸਥਾਨ ’ਤੇ ਪੁੱਜੇ ਸਿਵਲ ਸਰਜਨ ਅਤੇ ਹੋਰਾਂ ਨੇ ਸਥਿਤੀ ਦਾ ਜਾਇਜ਼ਾ ਲਿਆ। ਕੁਝ ਅਧਿਕਾਰੀ ਮਰੀਜ਼ਾਂ ਦਾ ਹਾਲਚਾਲ ਪੁੱਛਣ ਲਈ ਹਸਪਤਾਲ ਵੀ ਪੁੱਜੇ।
ਇਸੇ ਦੌਰਾਨ ਮਹਾਮਾਰੀ ਰੋਕਥਾਮ ਮਾਹਿਰ ਡਾ. ਸਮੀਤ ਸਿੰਘ ਨੇ ਖੇਤਰ ਦੇ 140 ਮਰੀਜ਼ਾਂ ਦੇ ਹੈਜ਼ੇ ਦੀ ਲਪੇਟ ਵਿੱਚ ਆਉਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ਵਿੱਚੋਂ ਸਿਰਫ਼ 25 ਮਰੀਜ਼ਾਂ ਨੂੰ ਹੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਉਣਾ ਪਿਆ ਸੀ ਜਿਨ੍ਹਾਂ ਵਿੱਚੋਂ 3 ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਘਰਾਂ ’ਚ ਰੱਖੇ ਮਰੀਜ਼ਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋੜੀਂਦੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਖੇਤਰ ’ਚ ਸਿਹਤ ਵਿਭਾਗ ਨੇ ਕੈਂਪ ਲਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੈਜਾ ਪੀੜਤ ਮਰੀਜ਼ਾਂ ਦੇ ਘਰਾਂ ਤੱਕ ਇੱਕੋ ਟੈਂਕੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਆਉਂਦੀ ਹੈ, ਇਸ ਕਰ ਕੇ ਇਸ ਟੈਂਕੀ ਸਮੇਤ ਵੱਖ ਵੱਖ ਘਰਾਂ ਵਿੱਚੋਂ ਟੂਟੀਆਂ ਅਤੇ ਟੈਂਕੀਆਂ ਦੇ ਪਾਣੀ ਦੇ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਹੋਰ ਲੋੜੀਂਦੇ ਸੈਂਪਲ ਵੀ ਲਏ ਗਏ ਹਨ। ਇਹ ਸਾਰੇ ਸੈਂਪਲ ਜਾਂਚ ਲਈ ਖਰੜ ਸਥਿਤ ਲੈਬ ਵਿੱਚ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ਹੇਠ ਆ ਰਹੀ ਹੈ।
ਜਿਸ ਟੈਂਕੀ ਤੋਂ ਇਨ੍ਹਾਂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਆਉਂਦੀ ਹੈ, ਉਹ ਨਗਰ ਨਿਗਮ ਪਟਿਆਲਾ ਦੀ ਓਐਂਡਐੱਮ ਬਰਾਂਚ ਅਧੀਨ ਆਉਂਦੀ ਹੈ। ਇਸ ਬਰਾਂਚ ਨੇ ਹੀ ਸੀਵਰੇਜ ਬਲਾਕ ਹੋਣ ਸਬੰਧੀ ਜਾਂਚ ਕਰਨੀ ਹੁੰਦੀ ਹੈ ਤੇ ਟਿਊਬਵੈੱਲਾਂ/ਪਾਣੀ ਵਾਲੀਆਂ ਟੈਂਕੀਆਂ ਵਿੱਚ ਕਲੋਰੀਨ ਪਾਉਣੀ ਹੁੰਦੀ ਹੈ। ਇਸ ਸਬੰਧੀ ਨਗਰ ਨਿਗਮ ਦੇ ਸਬੰਧਤ ਐਕਸੀਅਨ ਸੁਰੇਸ਼ ਕੁਮਾਰ ਨੇ ਕਿਹਾ ਕਿ ਪਾਣੀ ਦੇ ਭੇਜੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਉੱਧਰ, ਇੱਕ ਹੋਰ ਅਧਿਕਾਰੀ ਦਾ ਤਰਕ ਸੀ ਕਿ ਪਟਿਆਲਾ ਸ਼ਹਿਰ ’ਚ ਨਹਿਰੀ ਪਾਣੀ ਦੇ ਪੀਣ ਵਾਲੇ ਪ੍ਰਾਜੈਕਟ ਸਬੰਧੀ ਪਾਈਲ ਲਾਈਨ ਵਿਛਾਈ ਜਾ ਰਹੀ ਹੈ। ਹੋ ਸਕਦਾ ਹੈ ਕਿ ਇਸ ਦੌਰਾਨ ਉਕਤ ਟੈਂਕੀ ਤੋਂ ਆ ਰਹੀ ਸਪਲਾਈ ਲਾਈਨ ’ਚ ਲੀਕੇਜ ਹੋ ਗਈ ਹੋਵੇ।