ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਗਸਤ
ਸੂਬਾ ਸਰਕਾਰ ਦੀਆਂ ਹਦਾਇਤਾਂ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਸਨੌਰ ਨੇ ਘਰ-ਘਰ ’ਚੋਂ ਕੂੜਾ ਇਕੱਤਰ ਕਰਨ ਦਾ 100 ਫ਼ੀਸਦੀ ਟੀਚਾ ਹਾਸਲ ਕਰ ਲਿਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਪਟਿਆਲਾ ਖੇਤਰ ਦੇ ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਸ਼ਹਿਰ ਨੂੰ ਕੂੜਾ ਮੁਕਤ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਨਗਰ ਕੌਂਸਲ ਸਨੌਰ ਦੀਆਂ 15 ਵਾਰਡਾਂ ਵਿੱਚ 15 ਰਿਕਸ਼ਾ ਰੇਹੜੀਆਂ ਤੇ 30 ਸਫ਼ਾਈ ਕਰਮਚਾਰੀਆਂ ਵੱਲੋਂ ਘਰਾਂ ’ਚੋਂ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਇਕੱਠਾ ਕਰ ਕੇ ਸਾਬਕਾ ਫ਼ੌਜੀ ਪਾਰਕ ਅਤੇ ਲਛਮਣ ਦਾਸ ਪਾਰਕਾਂ ਨੇੜੇ ਬਣੇ ਦੋ ਮੈਟੀਰੀਅਲ ਰਿਕਵਰੀ ਫੈਸੀਲਿਟੀ ਸ਼ੈਡਾਂ ’ਚ ਲਿਜਾ ਕੇ ਵੱਖ-ਵੱਖ ਕੀਤਾ ਜਾਂਦਾ ਹੈ।
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਾਕੇਸ਼ ਅਰੋੜਾ ਨੇ ਦੱਸਿਆ ਕਿ ਗਿੱਲਾ ਕੂੜਾ ਬਣਾਈਆਂ ਗਈਆਂ 25 ਪਿੱਟਾਂ ’ਚ ਦਬਾਇਆ ਜਾਂਦਾ ਹੈ ਜਿਸ ਤੋਂ ਖਾਦ ਤਿਆਰ ਹੁੰਦੀ ਹੈ। ਸੁੱਕੇ ਕੂੜੇ ਦਾ ਨਿਪਟਾਰਾ ਐਨਜੀਟੀ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਰਦੇਸ਼ਾਂ ਮੁਤਾਬਕ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸਨੌਰ ਦੀਆਂ 15 ਵਾਰਡਾਂ ’ਚ 4710 ਘਰ ਹਨ ਜਿਨ੍ਹਾਂ ’ਚੋਂ 6 ਘਰਾਂ ’ਚ ਕੋਵਿਡ-19 ਦੇ ਮਰੀਜ਼ ਹਨ। ਇਸ ਕਰ ਕੇ ਇਨ੍ਹਾਂ ਛੇ ਘਰਾਂ ਦਾ ਕੂੜਾ ਵੱਖਰੇ ਤੌਰ ’ਤੇ ਕੌਂਸਲ ਮੁਲਾਜ਼ਮਾਂ ਵੱਲੋਂ ਪੀਪੀਈ ਕਿੱਟਾਂ ਪਾ ਕੇ ਚੁੱਕਿਆ ਜਾਂਦਾ ਹੈ ਅਤੇ ਇਸ ਦਾ ਨਿਪਟਾਰਾ ਵੀ ਨਿਰਧਾਰਿਤ ਮਾਪਦੰਡਾਂ ਮੁਤਾਬਕ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਕੂੜਾ ਖੁੱਲ੍ਹੇ ਵਿੱਚ ਨਾ ਸੁੱਟਣ ਅਤੇ ਗਿੱਲਾ-ਸੁੱਕਾ ਘਰਾਂ ’ਚ ਹੀ ਵੱਖਰਾ ਕਰ ਕੇ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਰੇਹੜੀ ’ਚ ਪਾਇਆ ਜਾਵੇ।