ਜੈਸਮੀਨ ਭਾਰਦਵਾਜ
ਨਾਭਾ, 2 ਨਵੰਬਰ
ਨਾਭਾ ਸਿਵਲ ਹਸਪਤਾਲ ਵਿੱਚ ਪਿਛਲੇ ਇੱਕ ਸਾਲ ਤੋਂ ਮਹਿਲਾ ਮਾਹਰ ਦੀ ਪੋਸਟ ਖਾਲੀ ਹੋਣ ਕਾਰਨ ਮਹਿਲਾਵਾਂ ਖਾਸ ਕਰਕੇ ਗਰਭਵਤੀ ਮਹਿਲਾਵਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਇੱਕ ਵਿਸ਼ੇਸ਼ ਮਹਿਲਾ ਅਤੇ ਜ਼ੱਚਾ ਬੱਚਾ ਹਸਪਤਾਲ, ਜੋ ਕਿ ਜਨਵਰੀ ਮਹੀਨੇ ਤੋਂ ਉਸਾਰੀ ਅਧੀਨ ਸੀ, ਉਸਦਾ ਵੀ ਕੰਮ ਫੰਡ ਨਾ ਆਉਣ ਕਾਰਨ ਪਿਛਲੇ ਚਾਰ ਮਹੀਨੇ ਤੋਂ ਬੰਦ ਹੈ। ਹਾਲਾਂਕਿ ਮੁੱਖ ਮੰਤਰੀ ਵਜੋਂ ਆਪਣੇ ਪਲੇਠੇ ਵਿਧਾਨ ਸਭਾ ਸੈਸ਼ਨ ਵਿੱਚ ਨਾਭਾ ਦੇ ਇਸ ਹਸਪਤਾਲ ਨੂੰ ਵਿਸ਼ਵ ਪੱਧਰੀ ਤਕਨੀਕ ਨਾਲ ਲੈਸ ਕਰਨ ਦਾ ਦਾਅਵਾ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਰਕਾਰ ’ਚ ਰਸੂਖ ਰੱਖਣ ਵਾਲੇ ਇੱਕ ਮਰੀਜ਼ ਨੂੰ ਪਹਿਲ ਨਾ ਦੇਣ ਕਾਰਨ ਇੱਥੋਂ ਦੀ ਇੱਕ ਮਹਿਲਾ ਮਾਹਰ ਡਾਕਟਰ ਨੂੰ ਨੌਕਰੀ ਛੱਡਣੀ ਪੈ ਗਈ ਸੀ ਜਿਸ ਪਿੱਛੋਂ ਇੱਥੇ ਡੈਪੂਟੇਸ਼ਨ ‘ਤੇ ਹਫ਼ਤੇ ’ਚ ਦੋ ਦਿਨ ਇੱਕ ਡਾਕਟਰ ਆਉਂਦੇ ਰਹੇ ਪਰ ਇਸ ਜੂਨ ਮਹੀਨੇ ਤੋਂ ਉਹ ਵੀ ਬੰਦ ਹੈ। ਹਰ ਮਹੀਨੇ ਸੈਂਕੜੇ ਬੱਚਿਆਂ ਨੂੰ ਜਨਮ ਦਿਵਾਉਣ ਵਾਲੇ ਇਸ ਹਸਤਪਾਲ ’ਚ ਹੁਣ ਮਹੀਨੇ ’ਚ ਔਸਤ 12 ਬੱਚੇ ਹੀ ਜਨਮ ਲੈ ਰਹੇ ਹਨ, ਉਹ ਵੀ ਮਹਿਲਾ ਮਾਹਰ ਦੀ ਗੈਰ-ਮੌਜੂਦਗੀ ’ਚ। ਦੂਜੇ ਪਾਸੇ ਸ਼ਹਿਰ ਦੇ ਨਿੱਜੀ ਹਸਪਤਾਲਾਂ ’ਚ ਜੂਨ ਤੋਂ ਸਤੰਬਰ ਤੱਕ 470 ਦੇ ਕਰੀਬ ਬੱਚਿਆਂ ਨੇ ਜਨਮ ਲਿਆ ਹੈ। ਜਾਣਕਾਰੀ ਅਨੁਸਾਰ ਨਾਭਾ ਹਸਪਤਾਲ ਪ੍ਰਸ਼ਾਸਨ ਨੇ ਪਟਿਆਲਾ ਦੇ ਇੱਕ ਸਰਕਾਰੀ ਹਸਪਤਾਲ ’ਚ ਵਾਧੂ ਮਹਿਲਾ ਡਾਕਟਰ ਹੋਣ ਦੀ ਭਾਲ ਕਰਕੇ, ਉਨ੍ਹਾਂ ’ਚੋਂ ਇੱਕ ਡਾਕਟਰ ਤੋਂ ਸਹਿਮਤੀ ਲੈ ਕੇ ਸਿਹਤ ਮੰਤਰੀ ਨੂੰ ਤਬਾਦਲੇ ਦੀ ਬੇਨਤੀ ਵੀ ਕੀਤੀ ਪਰ ਲਾਰਿਆਂ ਤੋਂ ਇਲਾਵਾ ਕੁਝ ਹੱਥ ਨਾ ਲੱਗਿਆ। ਫਿਲਹਾਲ ਨਾਭਾ ਹਸਪਤਾਲ ’ਚ ਅੱਖਾਂ, ਚਮੜੀ, ਮਨੋਵਿਗਿਆਨ ਦੇ ਮਾਹਰ ਵੀ ਨਹੀਂ ਹਨ ਜਿਸ ਕਾਰਨ ਮੈਡੀਸਿਨ ਦੇ ਡਾਕਟਰਾਂ ਦੇ ਬਾਹਰ ਲੰਮੀਆਂ ਕਤਾਰਾਂ ’ਚ ਮਰੀਜ਼ ਪ੍ਰੇਸ਼ਾਨ ਹੁੰਦੇ ਹਨ। ਪੰਜਾਬ ਹੈਲਥ ਸਰਵਿਸ ਕਾਰਪੋਰੇਸ਼ਨ ਦੇ ਐੱਸਡੀਓ ਅਜੇ ਸ਼ਰਮਾ ਨੇ ਦੱਸਿਆ ਕਿ ਠੇਕੇਦਾਰ ਦੀ ਰੁਕੀ ਹੋਈ ਪੇਮੈਂਟ ਅਦਾ ਕਰ ਦਿੱਤੀ ਗਈ ਹੈ ਤੇ 31 ਮਾਰਚ ਤੱਕ ਨਾਭਾ ਦਾ ਮਹਿਲਾ ਹਸਪਤਾਲ ਤਿਆਰ ਕਰ ਦਿੱਤਾ ਜਾਵੇਗਾ। ਨਾਭਾ ਦੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਕੁਝ ਹੀ ਦਿਨਾਂ ’ਚ ਨਾਭਾ ਹਸਪਤਾਲ ’ਚ ਮਹਿਲਾ ਡਾਕਟਰ ਤਾਇਨਾਤ ਹੋਣਗੇ।