ਨਿੱਜੀ ਪੱਤਰ ਪ੍ਰੇਰਕ
ਭਾਦਸੋਂ, 26 ਦਸੰਬਰ
ਹਲਕਾ ਨਾਭਾ ਦੇ ਵਿਧਾਇਕ ਅਤੇ ਸਾਬਾਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ਼ ਕਾਂਗਰਸ ਦੇ ਟਕਸਾਲੀ ਆਗੂਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪਿੰਡ ਖਨੌੜਾ ਵਿੱਚ ਜਲ ਸਰੋਤ ਵਿਕਾਸ ਅਤੇ ਮੈਨੇਜਮੈਂਟ ਨਿਗਮ ਪੰਜਾਬ ਦੇ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ’ਚ ਕਾਂਗਰਸੀ ਪੰਚ, ਸਰਪੰਚ, ਬਲਾਕ ਸਮਿਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਵਰਕਰਾਂ ਨੇ ਇਕੱਠ ਕਰ ਕੇ ਮੰਗ ਕੀਤੀ ਕਿ ਧਰਮਸੋਤ ਦੀ ਬਜਾਇ ਹਲਕਾ ਨਾਭਾ ਤੋਂ ਕਿਸੇ ਯੋਗ ਅਤੇ ਜੂਝਾਰੂ ਆਗੂ ਨੂੰ ਟਿਕਟ ਦੇ ਕੇ ਨਿਵਾਜਿਆ ਜਾਵੇ।
ਇਸ ਮੌਕੇ ਸ੍ਰੀ ਖਨੌੜਾ ਅਤੇ ਗੋਗੀ ਟਿਵਾਣਾ ਮੈਂਬਰ ਜ਼ਿਲ੍ਹਾ ਪਰਿਸ਼ਦ ਨੇ ਕਿਹਾ ਕਿ ਧਰਮਸੋਤ ਵੱਲੋਂ ਕਾਂਗਰਸੀ ਵਰਕਰਾਂ ਦੀ ਦੁਰਦਸ਼ਾ ਕੀਤੀ ਗਈ ਹੈ। ਇਸ ਦੌਰਾਨ ਕੁਲਵਿੰਦਰ ਸਿੰਘ ਸੁੱਖੇਵਾਲ ਨੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਇੰਚਾਰਜ ਹਰੀਸ਼ ਚੌਧਰੀ ਤੋਂ ਮੰਗ ਕੀਤੀ ਕਿ ਗਰੀਬ ਬੱਚਿਆਂ ਦੇ ਵਜ਼ੀਫਾ ਘੁਟਾਲੇ ਦੇ ਦੋਸ਼ਾਂ ‘ਚ ਘਿਰੇ ਵਿਅਕਤੀ ਨੂੰ ਟਿਕਟ ਦੇਣ ‘ਤੇ ਹਾਈ ਕਮਾਂਡ ਪੂਰੀ ਤਰ੍ਹਾਂ ਸੋਚ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਧਰਮਸੋਤ ਨੂੰ ਉਮੀਦਵਾਰ ਬਣਾਏਗੀ ਤਾਂ ਉਸ ਦਾ ਹਲਕੇ ਅੰਦਰ ਡਟ ਕੇ ਵਿਰੋਧ ਕੀਤਾ ਜਾਵੇਗਾ।